ਲੱਖਾਂ ਦੀ ਤਾਦਾਦ 'ਚ ਸੰਗਤਾਂ ਨੇ ਮੱਥਾ ਟੇਕਿਆ
ਫ਼ਤਿਹਗੜ੍ਹ ਸਾਹਿਬ, 25 ਦਸੰਬਰ (ਸੁਰਜੀਤ ਸਿੰਘ ਸਾਹੀ): ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿਚ ਫ਼ਤਿਹਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤਕ ਲੱਗਣ ਵਾਲਾ ਸ਼ਹੀਦੀ ਜੋੜ ਮੇਲ ਅੱਜ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਸੰਗਤਾਂ ਦਾ ਬਹੁਤ ਵੱਡਾ ਸਮੂਹ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਅਪਣਾ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਲੰਮੀਆਂ-ਲੰਮੀਆਂ ਲਾਈਨਾਂ ਵਿਚ ਲਗਿਆ ਦੇਖਿਆ ਗਿਆ। ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਅੱਜ ਆਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਜਿਸ ਦੀ ਅਰਦਾਸ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗੰਥੀ ਭਾਈ ਹਰਪਾਲ ਸਿੰਘ ਵਲੋਂ ਕੀਤੀ ਗਈ ਜਿਨ੍ਹਾਂ ਦਾ ਭੋਗ 27 ਦਸੰਬਰ ਨੂੰ ਪਾਇਆ ਜਾਵੇਗਾ। ਇਸੇ ਦਿਨ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਵੇਗਾ ਜਿਸ ਦੀ ਸਮਾਪਤੀ ਗੁਰਦੁਆਰਾ ਜਯੋਤੀ ਸਰੂਪ ਸਾਹਿਬ ਵਿਖੇ ਬਾਅਦ ਦੁਪਹਿਰ ਲਗਭਗ 1 ਵਜੇ ਹੋਵੇਗੀ। ਇਸ ਵਾਰੀ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ 26 ਦਸੰਬਰ ਨੂੰ ਹੋਣ ਵਾਲੀਆਂ ਸਿਆਸੀ ਕਾਨਫ਼ਰੰਸਾਂ
ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੇ ਰੱਦ ਕਰ ਦਿਤੀਆਂ ਹਨ ਤੇ ਜਾਪਦਾ ਹੈ ਕਿ ਇਸ ਵਾਰੀ ਸ਼ਹੀਦੀ ਜੋੜ ਮੇਲ ਦਾ ਸਵਰੂਪ ਨਿਰੋਲ ਧਾਰਮਕ ਹੋਵੇਗਾ ਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਰਾਜਨੀਤਕ ਦੂਸ਼ਣਬਾਜ਼ੀ ਸੁਣਨ ਤੋਂ ਨਿਜਾਤ ਮਿਲੇਗੀ। ਸੂਤਰਾਂ ਅਨੁਸਾਰ 26 ਦਸੰਬਰ ਨੂੰ ਭਾਵੇਂ ਰਾਜਨੀਤਕ ਕਾਨਫ਼ੰਰਸਾਂ ਨਹੀਂ ਹੋ ਰਹੀਆਂ ਪ੍ਰੰਤੂ ਫਿਰ ਵੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਪ੍ਰਮੁੱਖ ਲੀਡਰਾਂ ਦੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੀ ਪੂਰੀ ਸੰਭਾਵਨਾ ਹੈ ਤੇ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਲੀਡਰਾਂ ਸਮੇਤ ਪਹੁੰਚ ਰਹੇ ਹਨ। ਸਵੇਰ ਤੋਂ ਹੀ ਸੰਗਤਾਂ ਦਾ ਵਿਸ਼ਾਲ ਇੱਕਠ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਸੜਕਾਂ 'ਤੇ ਦਿਖਾਈ ਦੇ ਰਿਹਾ ਸੀ ਥਾਂ-ਥਾਂ ਤੇ ਸ਼ਰਧਾਲੂਆਂ ਵਲੋਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।