ਅੰਮ੍ਰਿਤਸਰ, 21 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਸਿਆਸੀ ਸਟੇਜਾਂ ਨਾ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਸਿਰਫ਼ ਧਾਰਮਕ ਸਟੇਜਾਂ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਅੰਦਰ ਸਮੁੱਚੀਆਂ ਦਾਦੀਆਂ-ਨਾਨੀਆਂ ਅਪਣੇ ਬੱਚੇ-ਬੱਚੀਆਂ ਨੂੰ ਸਿੱਖੀ ਦੇ ਵਾਰਸ ਸਾਹਿਬਜ਼ਾਦਿਆਂ ਵਾਂਗ 'ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ' ਦੇ ਸੰਕਲਪ ਨੂੰ ਉਨ੍ਹਾਂ ਦੇ ਮਨਾਂ ਅੰਦਰ ਦ੍ਰਿੜ ਕਰਵਾਉਂਦਿਆਂ ਮਾਤਾ ਗੁਜਰੀ ਜੀ ਵਾਂਗ ਅਪਣਾ ਫ਼ਰਜ਼ ਅਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਨਾ ਵਿਚ ਅਪਣਾ ਯੋਗਦਾਨ ਪਾਉਣ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਦਲਾਂ ਵਲੋਂ ਫ਼ਤਿਹਗੜ੍ਹ ਸਾਹਿਬ ਵਿਖੇ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ ਜਿਥੇ ਜਥੇਦਾਰ ਨੇ ਉਨ੍ਹਾਂ ਨੂੰ ਰਾਜਨੀਤੀ ਨਾ ਕਰਨ ਦਾ ਆਦੇਸ਼ ਦਿਤਾ ਹੈ।