ਸੱਜਣ ਕੁਮਾਰ ਦੀ ਜ਼ਮਾਨਤ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇਵੇਗੀ ਦਿੱਲੀ ਕਮੇਟੀ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 23 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਦੀ ਜ਼ਮਾਨਤ ਬਾਰੇ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਨੂੰ ਕਾਇਮ ਰੱਖਣ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਦੀ ਜ਼ਮਾਨਤ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦੇਵੇਗੀ।ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਦੀ ਜ਼ਮਾਨਤ ਨੂੰ ਬਹਾਲ ਰਖਣਾ ਅਫ਼ਸੋਸਜਨਕ ਹੈ। ਸਿਰਸਾ ਨੇ ਕਿਹਾ ਕਿ 33 ਸਾਲ ਬਾਅਦ ਵੀ ਸੱਜਣ ਕੁਮਾਰ ਦਾ ਜ਼ਮਾਨਤ 'ਤੇ ਬਾਹਰ ਹੋਣਾ ਸਿੱੱਖਾਂ ਲਈ ਅਫ਼ਸੋਸਨਾਕ ਹੈ। ਹੈਰਾਨੀ ਹੈ ਕਿ ਐਸਆਈਟੀ ਇਸ ਮਾਮਲੇ ਵਿਚ ਸੱਜਣ ਕੁਮਾਰ ਨੂੰ ਤਲਬ ਕਰਦੀ ਹੈ ਪਰ ਉਹ ਐਸਆਈਟੀ ਸਾਹਮਣੇ ਪੇਸ਼ ਹੋਣ ਦੀ ਥਾਂ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਲੈ ਲੈਂਦਾ ਹੈ। 

ਜੇ ਉਹ ਬੇਕਸੂਰ ਸੀ ਤਾਂ ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਕਿਉਂ ਡਰ ਰਿਹਾ ਸੀ? ਕਾਨੂੰਨ ਤੇ ਪੜਤਾਲ ਤੋਂ ਭਗੌੜਾ ਹੋਣ ਦੇ ਕੀ ਕਾਰਨ ਹਨ?
ਜੀ.ਕੇ. ਨੇ ਕਿਹਾ ਕਿ ਦੋ ਸਿੱਖਾਂ ਨੂੰ ਕਤਲ ਕਰਨ ਅਤੇ ਇਕ ਸਿੱਖ ਨੂੰ ਜਿਊਂਦਾ ਸਾੜ੍ਹਿਆ ਗਿਆ ਹੋਵੇ, ਉਥੇ ਚਸ਼ਮਦੀਦ ਗਵਾਹ ਦੇ ਹੋਣ ਦੇ ਬਾਵਜੂਦ ਸੱਜਣ ਕੁਮਾਰ ਜ਼ਮਾਨਤ ਲੈ ਜਾਂਦਾ ਹੈ, ਇਸ ਦੇ ਉਲਟ ਇਕ ਜਾਨਵਰ ਦਾ ਸ਼ਿਕਾਰ ਕਰਨ ਦੇ ਦੋਸ਼ੀ ਨੂੰ ਬਿਨਾਂ ਦੋਸ਼ ਪੱਤਰ ਦੇ, ਜੇਲ ਭੇਜ ਦਿਤਾ ਜਾਂਦਾ ਹੈ। ਅਸੀ ਅਦਾਲਤ ਦੇ ਫ਼ੈਸਲੇ +ਤੇ ਉਂਗਲ ਨਹੀਂ ਚੁੱਕ ਰਹੇ ਪਰ ਦੁਖੀ ਹੋ ਕੇ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਸਬੂਤ ਤੇ ਗਵਾਹਾਂ ਦੇ ਬਾਵਜੂਦ ਅਦਾਲਤਾਂ ਇਨਸਾਫ਼ ਦੇਣ ਵਿਚ ਅਖੌਤੀ ਤੌਰ 'ਤੇ ਨਾਕਾਮ ਰਹੀਆਂ ਹਨ।