ਸਾਕਾ ਨੀਲਾ ਤਾਰਾ 'ਚ ਇੰਗਲੈਂਡ ਦੀ ਭੂਮਿਕਾ ਦੀ ਹੋਵੇ ਜਾਂਚ

ਪੰਥਕ, ਪੰਥਕ/ਗੁਰਬਾਣੀ

ਲੰਡਨ, 1 ਨਵੰਬਰ: ਬਰਤਾਨੀਆ ਦੇ ਇਕ ਸਿੱਖ ਸੰਗਠਨ ਵਲੋਂ ਜਾਰੀ ਕੀਤੀ ਗਈ ਇਕ ਰੀਪੋਰਟ ਵਿਚ ਮੰਗ ਕੀਤੀ ਗਈ ਹੈ ਕਿ ਭਾਰਤ ਵਿਚ 1984 'ਚ ਹੋਏ ਸਾਕਾ ਨੀਲਾ ਤਾਰਾ ਵਿਚ ਇੰਗਲੈਂਡ ਦੀ ਭੂਮਿਕਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਕਿ ਇਹ ਸਾਹਮਣੇ ਆ ਸਕੇ ਕਿ ਸਾਕਾ ਨੀਲਾ ਤਾਰਾ ਵਿਚ ਇੰਗਲੈਂਡ ਦੀ ਸਰਕਾਰ ਨੇ ਭਾਰਤੀ ਫ਼ੌਜ ਦੀ ਕਿਸ ਤਰ੍ਰਾਂ ਮਦਦ ਕੀਤੀ ਸੀ। ਸੰਗਠਨ ਨੇ ਕਿਹਾ ਕਿ ਇਸ ਮਾਮਲੇ ਵਿਚ ਹੋਈ ਪਿਛਲੀ ਜਾਂਚ ਸਿਰਫ਼ ਲੀਪਾਪੋਚੀ ਸੀ। ਇੰਗਲੈਂਡ ਦੀ ਸਿੱਖ ਫ਼ੈਡਰੇਸ਼ਨ ਵਲੋਂ 'ਸੈਕਰੀਫ਼ਾਈਸਿੰਗ ਸਿੱਖ: ਜਾਂਚ ਦੀ ਲੋੜ' ਨਾਂਅ ਦੀ ਰੀਪੋਰਟ ਬਰਤਾਨਵੀ ਸੰਸਦੀ ਕੰਪਲੈਕਸ ਵਿਚ ਜਾਰੀ ਕੀਤੀ ਗਈ। ਇਸ ਰੀਪੋਰਟ ਦਾ ਬਰਤਾਨਵੀ ਸਿੱਖਾਂ ਦੇ ਆਲ ਪਾਰਟੀ ਸੰਸਦੀ ਗਰੁਪ (ਏਪੀਪੀਜੀ) ਨੇ ਸਮਰਥਨ ਕੀਤਾ ਹੈ। ਬਰਤਾਨਵੀ ਸੰਸਦ ਵਿਚ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਰੀਪੋਰਟ ਵੇਖ ਕੇ ਕਾਫ਼ੀ ਚਿੰਤਾ ਹੋ ਗਈ ਹੈ 

ਜਿਸ ਵਿਚ ਕਿਹਾ ਗਿਆ ਹੈ ਕਿ ਸਾਲ 2014 ਵਿਚ ਸਰਕਾਰੀ ਅਧਿਕਾਰੀ ਜੇਰੇਮੀ ਹੇਵੁਡ ਵਲੋਂ ਇਸ ਮਾਮਲੇ 'ਤੇ ਤਿਆਰ ਕੀਤੀ ਗਈ ਰੀਪੋਰਟ ਸਿਰਫ਼ ਲੀਪਾਪੋਚੀ ਸੀ। ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਸਿੱਖਾਂ ਦੇ ਅਹਿਮ ਯੋਗਦਾਨ ਨੂੰ ਜਾਣਦੇ ਹੋਏ ਵੀ ਬਰਤਾਨਵੀ ਸਰਕਾਰ ਨੇ ਸਿੱਖਾਂ ਦਾ ਭਰੋਸਾ ਤੋੜਿਆ ਅਤੇ 1984 ਵਿਚ ਸਾਕਾ ਨੀਲਾ ਤਾਰਾ ਵਿਚ ਭਾਰਤੀ ਸਰਕਾਰ ਦੀ ਮਦਦ ਕੀਤੀ ਜਿਸ ਵਿਚ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਗਏ। ਗਿੱਲ ਨੇ ਕਿਹਾ ਕਿ ਸਿੱਖ ਫ਼ੈਡਰੇਸ਼ਨ ਵਲੋਂ ਤਿਆਰ ਕੀਤੀ ਗਈ ਇਸ ਰੀਪੋਰਟ ਵਿਚ ਅਜਿਹੇ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਅਤੇ ਇਸ ਮਾਮਲੇ ਵਿਚ ਹੋਰ ਜਾਂਚ ਲੋੜੀਂਦੀ ਹੈ। 

ਰੀਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਸਮੇਂ ਬਰਤਾਨਵੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾ ਭਾਰਤੀ ਫ਼ੌਜ ਨੂੰ ਸਲਾਹ ਦੇਣ ਲਈ ਅਪਣਾ ਇਕ ਐਸਏਐਸ ਅਫ਼ਸਰ ਭੇਜਿਆ ਸੀ ਅਤੇ ਬਰਤਾਨੀਆ ਵਲੋਂ ਭਾਰਤੀ ਫ਼ੌਜ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਸੀ। ਐਸਏਐਸ ਦੀ ਸਲਾਹ ਤੋਂ ਬਾਅਦ ਭਾਰਤ ਨੇ ਪੈਰਾ ਮਿਲਟਰੀ ਫ਼ੌਜ ਨੂੰ ਸਿਖਲਾਈ ਦੇਣ ਲਈ ਬਰਤਾਨੀਆ ਨੂੰ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ 1984 ਵਿਚ ਜਦ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਮ੍ਰਿਤਸਰ ਵਿਚ ਸਾਕਾ ਨੀਲਾ ਤਾਰਾ ਕਰਵਾਇਆ ਸੀ, ਉਸ ਸਮੇਂ ਇੰਦਰਾ ਗਾਂਧੀ ਦੇ ਮਾਰਗ੍ਰੇਟ ਥੈਚਰ ਨਾਲ ਕਾਫ਼ੀ ਨੇੜਲੇ ਸਬੰਧ ਸਨ। ਜਨਵਰੀ 2014 ਵਿਚ ਪਹਿਲੀ ਵਾਰ ਸਾਕਾ ਨੀਲਾ ਤਾਰਾ ਵਿਚ ਇੰਗਲੈਂਡ ਦੀ ਭੂਮਿਕਾ ਸਾਹਮਣੇ ਆਈ ਸੀ ਜਦ ਇਸ ਹਮਲੇ ਸਬੰਧੀ ਇਕ ਰੀਪੋਰਟ ਜਾਰੀ ਕੀਤੀ ਗਈ।  (ਪੀ.ਟੀ.ਆਈ.)