ਸਮਾਜਕ ਰਸਮਾਂ ਤੋਂ ਬਿਨਾਂ ਕਰਵਾਇਆ ਆਨੰਦ ਕਾਰਜ

ਪੰਥਕ, ਪੰਥਕ/ਗੁਰਬਾਣੀ

ਰਈਆ, 5 ਮਾਰਚ (ਰਣਜੀਤ ਸਿੰਘ ਸੰਧੂ): ਬਾਬਾ ਬਕਾਲਾ ਸਾਹਿਬ ਅੰਦਰ ਪੈਂਦੇ ਪਿੰਡ ਟੌਂਗ ਵਾਸੀ ਪੰਜਾਬ ਪੁਲਿਸ ਵਿਚੋਂ ਸੇਵਾ ਮੁਕਤ ਏ.ਐਸ.ਆਈ ਮਨਿੰਦਰ ਸਿੰਘ ਨੇ ਅਪਣੇ ਪੁੱਤਰ ਅੰਮ੍ਰਿਤਧਾਰੀ ਗੁਰਸਿੱਖ ਹਰਪ੍ਰੀਤ ਸਿੰਘ ਦਾ ਆਨੰਦ ਕਾਰਜ ਅੰਮ੍ਰਿਤਧਾਰੀ ਬੀਬੀ ਰਬਿੰਦਰ ਕੌਰ ਪੁੱਤਰੀ ਗੁਰਮੇਜ ਸਿੰਘ ਵਾਸੀ ਅੰਮ੍ਰਿਤਸਰ ਨਾਲ ਗੁਰਮਤਿ ਮਰਿਆਦਾ ਅਨੁਸਾਰ ਬਿਨਾਂ ਕਿਸੇ ਸਮਾਜਕ ਰੀਤੀ ਰਿਵਾਜਾਂ ਅਤੇ ਬਿਨਾਂ ਦਾਜ ਤੋਂ ਕੀਤਾ। ਆਨੰਦ ਕਾਰਜ ਦੀ ਰਸਮ ਵਿਚ ਲੜਕੇ-ਲੜਕੀ ਦੋਹਾਂ ਪਰਵਾਰਾਂ ਵਲੋਂ ਮਹਿੰਦੀ ਲਾਉਣ, ਤੇਲ ਚੜ੍ਹਾਉਣ, ਚੂੜਾ ਚੜ੍ਹਾਉਣਾ, ਕਲੀਰੇ, ਗਾਉਣ ਬਿਠਾਉਣਾਂ, ਸਿਹਰੇ ਲਗਾਉਣੇ ਅਤੇ ਘੋੜੀ ਚੜਨ ਜਿਹੀਆਂ ਰਸਮਾਂ ਤੋਂ ਕਿਨਾਰਾ ਕਰਦੇ ਹੋਏ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਵਿਆਹ ਸਮਾਗਮ ਨੂੰ ਨੇਪਰੇ ਚੜ੍ਹਾਇਆ ਗਿਆ। 

ਲੜਕੇ ਪਰਵਾਰ ਵਲੋਂ ਬਰਾਤ ਵਿਚ ਸਿਰਫ਼ ਪਰਵਾਰਕ ਮੈਂਬਰਾਂ ਸਮੇਤ ਗੁਰਦੁਵਾਰਾ ਸਾਹਿਬ ਵਿਖੇ ਪਹੁੰਚ ਕੇ ਆਨੰਦ ਕਾਰਜ ਦੀ ਰਸਮ ਨਿਭਾ ਕੇ ਸਾਦੇ ਢੰਗ ਨਾਲ ਚਾਹ ਪਾਣੀ ਪੀ ਕੇ ਲੜਕੀ ਦੀ ਡੋਲੀ ਅਪਣੇ ਘਰ ਲਿਆਂਦੀ ਗਈ।  ਉਪਰੰਤ ਇਕ ਦਿਨ ਬਾਅਦ ਅਪਣੇ ਗ੍ਿਰਹ ਪਿੰਡ ਟੌਂਗ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਗੁਰਮਤਿ ਸੰਗੀਤ ਅਕੈਡਮੀ ਦੋਲੋਨੰਗਲ ਦੇ ਪ੍ਰੋਫ਼ੈਸਰ ਭੁਪਿੰਦਰ ਸਿੰਘ ਜਲੰਧਰ ਵਾਲੇ ਅਤੇ ਹੋਰ ਰਾਗੀ ਜਥਿਆਂ ਵਲੋਂ ਕੀਰਤਨ ਰਾਹੀਂ ਸਮਾਗਮ ਵਿਚ ਸਾਮਲ ਰਿਸ਼ਤੇਦਾਰ, ਸਕੇ ਸਬੰਧੀ ਅਤੇ ਪਿੰਡ ਵਾਸੀਆਂ ਨੂੰ ਨਿਹਾਲ ਕੀਤਾ ਗਿਆ।