ਸਾਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ: ਸਿੱਖ ਕਤਲੇਆਮ ਪੀੜਤ

ਪੰਥਕ, ਪੰਥਕ/ਗੁਰਬਾਣੀ

'ਰੋਜ਼ਾਨਾ ਸਪੋਕਸਮੈਨ' ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਜਾਣਿਆ ਦਰਦ

'ਰੋਜ਼ਾਨਾ ਸਪੋਕਸਮੈਨ' ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਜਾਣਿਆ ਦਰਦ

'ਰੋਜ਼ਾਨਾ ਸਪੋਕਸਮੈਨ' ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਜਾਣਿਆ ਦਰਦ

'ਰੋਜ਼ਾਨਾ ਸਪੋਕਸਮੈਨ' ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਜਾਣਿਆ ਦਰਦ

'ਰੋਜ਼ਾਨਾ ਸਪੋਕਸਮੈਨ' ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰ ਕੇ ਜਾਣਿਆ ਦਰਦ
ਨਵੀਂ ਦਿੱਲੀ, 7 ਫ਼ਰਵਰੀ (ਅਮਨਦੀਪ ਸਿੰਘ) ਭਾਵੇਂ ਸੁਪਰੀਮ ਕੋਰਟ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਪੜਤਾਲ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਐਸ.ਐਨ. ਢੀਂਗਰਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਹੁਕਮ ਦਿਤੇ ਗਏ ਹਨ ਪਰ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਵਿਖਾਈ ਦੇ ਰਹੀ।ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਪਿੱਛੋਂ 'ਰੋਜ਼ਾਨਾ ਸਪੋਕਸਮੈਨ' ਵਲੋਂ 84 ਕਤਲੇਆਮ ਦੇ ਪੀੜਤਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਦਿਲਾਂ ਅੰਦਰੀ ਹੂਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਤੇ ਮਰਹੂਮ ਕਾਂਗਰਸੀ ਆਗੂ ਐਚ.ਕੇ.ਐਲ.ਭਗਤ ਵਿਰੁਧ ਮੁੱਖ ਗਵਾਹ ਰਹੀ ਬੀਬੀ ਦਰਸ਼ਨ ਕੌਰ ਨੇ ਭਾਰਤੀ ਨਿਆਂਪਾਲਿਕਾ ਦੇ ਰਵੱਈਏ 'ਤੇ ਰੋਸ ਪ੍ਰਗਟਾਉਂਦੇ ਹੋਏ  ਕਿਹਾ ਕਿ ਸਰਕਾਰਾਂ ਨੇ 84 ਕਤਲੇਆਮ ਨੂੰ ਇਕ ਤਮਾਸ਼ਾ ਬਣਾ ਕੇ ਰੱਖ ਦਿਤਾ ਹੈ। ਕਦੇ ਕੇਸ ਖੋਲ੍ਹ ਦਿੰਦੇ ਹਨ, ਕਦੇ ਬੰਦ ਕਰ ਦਿੰਦੇ ਹਨ।  ਸਰਕਾਰਾਂ ਕਤਲੇਆਮ ਪੀੜਤਾਂ ਨੂੰ ਮੂਰਖ ਬਣਾਉਂਦੀਆਂ ਆ ਰਹੀਆਂ ਹਨ। 33 ਸਾਲ ਤੋਂ ਕਈ ਕਮਿਸ਼ਨ ਤੇ ਕਮੇਟੀਆਂ ਬਣਾ ਕੇ, ਇਕ ਮਿੰਟ ਦੀ ਤਸੱਲੀ ਦਿਤੀ ਜਾਂਦੀ ਹੈ ਕਿ ਇਨਸਾਫ਼ ਮਿਲ ਜਾਵੇਗਾ, ਫਿਰ ਪਤਾ ਨਹੀਂ ਕਿਥੇ 'ਛੂ ਮੰਤਰ' ਹੋ ਜਾਂਦਾ ਹੈ ਇਨਸਾਫ਼?
ਕਤਲੇਆਮ ਦੇ ਹੀ ਪੀੜਤ ਸ. ਸੁਖਬੀਰ ਸਿੰਘ ਜੋ ਹੱਡ ਭੰਨਵੀਂ ਮਿਹਨਤ ਪਿੱਛੋਂ ਅਪਣੇ ਪੈਰਾਂ 'ਤੇ ਖੜੇ ਹੋਏ, ਨੇ ਕਿਹਾ, 'ਬਸ ! ਹੁਣ ਬਹੁਤ ਹੋ ਗਿਆ। 33 ਸਾਲ ਤੋਂ ਕਮਿਸ਼ਨਾਂ ਦੇ ਨਾਂਅ 'ਤੇ ਇਨਸਾਫ਼ ਦਾ ਕਤਲ ਕਰ ਕੇ ਰੱਖ ਦਿਤਾ ਗਿਐ।  ਸਰਕਾਰਾਂ ਹੁਣ ਹੋਰ ਲਾਰੇ ਨਾ ਲਾਉਣ। ਸਿੱਖ ਲੀਡਰ ਵੀ ਸੱਭ ਤੋਂ ਵੱਡੇ ਦੋਸ਼ੀ ਹਨ ਜਿਨ੍ਹਾਂ ਗਵਾਹਾਂ ਨੂੰ ਕੀ ਸੰਭਾਲਣਾ ਸੀ, ਸਗੋਂ ਚਸ਼ਮਦੀਦ  ਬੀਬੀਆਂ ਦੀ ਗਵਾਹੀਆਂ ਬਦਲਵਾਉਣ ਵਾਲਿਆਂ ਨੂੰ ਕੁੱਛੜ ਚੁਕੀ ਫਿਰਦੇ ਹਨ। ਹੁਣ ਕਿਥੋਂ ਇਨਸਾਫ਼ ਮਿਲਣੈ, ਜਦ ਬਹੁਤਾਤ ਚਸ਼ਮਦੀਦ ਇਸ ਦੁਨੀਆ ਤੋਂ ਕੂਚ ਕਰ ਗਏ ਹਨ।'ਤਿਲਕ ਵਿਹਾਰ ਦੇ ਸੀ ਬਲਾਕ ਵਿਚ ਰਹਿੰਦੀ 62 ਸਾਲਾ ਕਤਲੇਆਮ ਪੀੜਤ ਬੀਬੀ ਭਾਗੀ ਕੌਰ, ਜਿਸ ਦੇ ਜੀਵਨ ਸਾਥੀ, ਚਾਰ ਸਕੇ ਭਰਾਵਾਂ ਤੇ ਹੋਰ ਨੇੜੇ ਦੇ ਰਿਸ਼ਤੇਦਾਰਾਂ ਸਣੇ ਕੁਲ 10 ਜਣਿਆਂ ਨੂੰ 1984 'ਚ ਤ੍ਰਿਲੋਕ ਪੁਰੀ ਦੇ 32 ਬਲਾਕ ਵਿਖੇ ਭੂਤਰੀਆਂ ਭੀੜਾਂ ਵਲੋਂ ਕਤਲ ਕਰ ਦਿਤਾ ਗਿਆ ਸੀ, ਨੇ ਦਸਿਆ, 'ਅਸੀਂ ਹੁਣ ਤਕ ਅਦਾਲਤਾਂ ਦੇ ਗੇੜੇ ਹੀ ਲਾ ਰਹੀਆਂ ਹਾਂ ਪਰ ਤਰੀਕ ਤੇ ਤਰੀਕ ਹੀ ਮਿਲ ਰਹੀ ਹੈ, ਇਨਸਾਫ਼ ਪਤਾ ਨਹੀਂ ਕਦ ਮਿਲੇਗਾ? ਇਕ ਦਿਨ ਲਈ ਹੀ ਸਹੀ, ਘਟੋ-ਘੱਟ ਸੱਜਣ ਕੁਮਾਰ ਨੂੰ ਤਾਂ ਜੇਲ ਵਿਚ ਜ਼ਰੂਰ ਡਕਣਾ ਚਾਹੀਦੈ, ਤਦ ਹੀ ਸਾਡੇ ਦਿਲ ਨੂੰ ਠੰਢ ਪਵੇਗੀ।'ਸਿੱਖ ਕਤਲੇਆਮ ਵੇਲੇ ਪੂਰਬੀ ਦਿੱਲੀ ਦੇ ਜਮਨਾਪਾਰ ਇਲਾਕੇ ਦੇ ਨੰਦ ਨਗਰੀ ਵਿਖੇ ਕਤਲ ਹੋਏ ਅਪਣੇ ਪਿਤਾ ਸ. ਪ੍ਰੇਮ ਸਿੰਘ ਦੇ ਕਤਲ ਬਾਰੇ ਦਸਦੇ ਹੋਏ 35 ਸਾਲਾ ਨੌਜਵਾਨ ਠਾਕੁਰ ਸਿੰਘ, ਨੇ ਕਿਹਾ, 'ਹੁਣ ਐਸਆਈਟੀ ਨੇ ਕੀ ਕਰਨੈ, ਅਦਾਲਤੀ ਸਿਸਟਮ ਕੋਲੋਂ ਗਵਾਹ ਤਾਂ ਪਹਿਲਾਂ ਹੀ ਹਾਰ ਜਾਂਦੈ। ਮੇਰੇ ਪਿਤਾ ਦੇ ਕਤਲ ਪਿਛੋਂ 1986 ਵਿਚ ਮੇਰੀ ਮਾਤਾ ਕਮਲੇਸ਼ ਕੌਰ, ਇਕੱਲੀ ਹੀ 4-5 ਸਾਲ ਤੀਸ ਹਜ਼ਾਰੀ ਅਦਾਲਤ ਵਿਚ ਜਾਂਦੀ ਰਹੀ। ਕਦੇ-ਕਦੇ ਕ੍ਰਾਈਮ ਬ੍ਰਾਂਚ ਵਾਲੇ ਅਪਣੀ ਗੱਡੀ ਵਿਚ ਅਦਾਲਤ ਲੈ ਕੇ ਜਾਂਦੇ ਰਹੇ। ਮਾਤਾ ਜੀ ਦੋਸ਼ੀਆਂ ਨੂੰ ਬੜੀ ਚੰਗੀ ਤਰ੍ਹਾਂ ਪਛਾਣਦੇ ਸਨ ਪਰ ਅਦਾਲਤ ਵਿਚ ਵਕੀਲ ਟਿੱਚਰਾਂ ਕਰਦੇ ਸਨ, ਤੁਸੀਂ ਪੀੜਤ ਨਹੀਂ ਹੋ, ਪੈਸੇ ਲੈਣ ਲਈ ਤੁਸੀ ਡਰਾਮਾ ਕਰਦੇ ਹੋ। ਇਸ ਕਾਰਨ ਬੁਰੀ ਤਰ੍ਹਾਂ ਟੁੱਟ ਕੇ, ਚੌਥੇ ਦਰਜੇ ਦੀ ਨੌਕਰੀ ਕਰਨ ਵਾਲੀ ਮੇਰੀ ਮਾਤਾ ਜੀ ਨਿਰਾਸ਼ ਹੋ ਕੇ ਅਦਾਲਤ ਵਿਚ ਆਖ ਆਏ ਕਿ ਮੈਂ ਅਪਣੇ ਬੱਚੇ ਵੀ ਪਾਲਣੇ ਹਨ, ਮੈਂ ਵਾਰ-ਵਾਰ ਤਰੀਕਾਂ ਨਹੀਂ ਭੁਗਤ ਸਕਦੀ, ਇਸ ਤਰ੍ਹਾਂ ਮਾਮਲਾ ਬੰਦ ਕਰ ਦਿਤਾ ਗਿਆ ਤੇ 3 ਦੋਸ਼ੀ ਬਰੀ ਹੋ ਗਏ।'