ਲੁਧਿਆਣਾ, 23
ਸਤੰਬਰ (ਸਰਬਜੀਤ ਲੁਧਿਆਣਵੀ): 'ਸਚੁ ਸੁਣਾਇਸੀ ਸਚ ਕੀ ਬੇਲਾ' ਦੇ ਸਿਧਾਂਤ ਤੇ ਚੱਲਣ
ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਪੰਜਾਬ ਨੂੰ ਅੰਧਵਿਸ਼ਵਾਸ ਅਤੇ ਵਹਿਮਾਂ-ਭਰਮਾਂ ਦੇ
ਜਾਲ ਵਿਚੋਂ ਮੁਕਤ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਨਾਲ ਜੋੜਨ
ਦਾ ਉਪਰਾਲਾ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਫ਼ਿਰੋਜ਼ਪੁਰ ਰੋਡ ਸਥਿਤ
ਪੰਜਾਬ ਐਗਰੀਕਲਚਰ ਯੂਨੀਵਰਸਟੀ ਵਿਖੇ ਚੱਲ ਰਹੇ ਕਿਸਾਨ ਮੇਲੇ ਦੇ ਦੂਜੇ ਦਿਨ ਸਪੋਕਸਮੈਨ
ਵਲੋਂ ਲਗਾਏ ਸਟਾਲ 'ਤੇ ਪਾਠਕਾਂ ਨੇ ਅਖ਼ਬਾਰ ਪ੍ਰਤੀ ਅਪਣਾ ਪਿਆਰ ਵਿਖਾਉਂਦੇ ਹੋਏ ਸਪੋਕਸਮੈਨ
ਦੇ ਸਟਾਲ 'ਤੇ ਬੈਠੇ ਪੱਤਰਕਾਰਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਪੋਕਸਮੈਨ ਨੇ
ਹਮੇਸ਼ਾ ਹੀ ਸਮਾਜ ਨੂੰ ਅੰਧਵਿਸ਼ਵਾਸ ਪੈਦਾ ਕਰਨ ਵਾਲੇ ਅਸਾਧਾਂ ਵਿਰੁਧ ਜੋ ਬੀੜਾ ਚੁਕਿਆ
ਹੈ, ਉਹ ਜਾਰੀ ਹੈ।
ਅੱਜ ਕਿਸਾਨ ਮੇਲੇ ਦੇ ਦੂਜੇ ਦਿਨ ਵੀ ਪਾਠਕਾਂ ਨੇ ਸਵੇਰ ਤੋਂ ਲੈ
ਕੇ ਸ਼ਾਮ ਤਕ ਰੋਜ਼ਾਨਾ ਸਪੋਕਸਮੈਨ ਦੇ ਸਟਾਲ ਤੇ ਰੌਣਕਾਂ ਲਗਾਈ ਰਖੀਆਂ ਅਤੇ ਅਖ਼ਬਾਰ ਨੂੰ
ਚੜ੍ਹਦੀ ਕਲਾ ਵਿਚ ਰੱਖਣ ਲਈ ਅਪਣੇ ਕੀਮਤੀ ਸੁਝਾਅ ਦਿੰਦੇ ਹੋਏ ਹਰ ਮਦਦ ਦੇਣ ਦਾ ਪ੍ਰਣ ਵੀ
ਕੀਤਾ। ਪਾਠਕ ਸਪੋਕਸਮੈਨ ਵਲੋਂ ਉਸਾਰੇ ਜਾ ਰਹੇ 'ਉੱਚਾ ਦਰ ਬਾਬਾ ਨਾਨਕ ਦਾ' ਜਲਦ ਤਿਆਰ
ਹੋਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਨਜ਼ਰ ਆਏ ਤੇ ਰਹਿੰਦੇ ਕੰਮਾਂ ਲਈ ਵੱਧ ਚੜ੍ਹ ਕੇ ਯੋਗਦਾਨ
ਪਾਉਣ ਲਈ ਇਕ ਦੂਜੇ ਨੂੰ ਪ੍ਰੇਰਤ ਕਰਦੇ ਵੀ ਨਜ਼ਰ ਆਏ। ਮੇਲੇ ਦੌਰਾਨ ਸਪੋਕਸਮੈਨ ਅਦਾਰੇ ਦੇ
ਮੈਗਜ਼ੀਨ ਤੋਂ ਇਲਾਵਾ ਜਗਜੀਤ ਪਬਲੀਕੇਸ਼ਨ ਵਲੋਂ ਪ੍ਰਕਾਸ਼ਤ ਕਿਤਾਬਾਂ ਦੀ ਪਾਠਕਾਂ ਨੇ ਮੰਗ
ਕੀਤੀ।
ਦੂਜੇ ਦਿਨ ਸਟਾਲ ਤੇ ਮੌਜੂਦ ਲੁਧਿਆਣਾ ਜ਼ਿਲ੍ਹੇ ਦੇ ਇੰਚਾਰਜ ਮਹੇਸ਼ਇੰਦਰ ਸਿੰਘ
ਮਾਂਗਟ, ਪੱਤਰਕਾਰ ਗੁਰਮਿੰਦਰ ਸਿੰਘ ਗਰੇਵਾਲ, ਵਿਜੈ ਕੁਮਾਰ ਤੇ ਕੁਲਵਿੰਦਰ ਸਿੰਘ ਮਿੰਟੂ
ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਕਿਸਾਨਾਂ ਮੇਲਿਆ ਵਿਚ ਪਾਠਕਾਂ ਦੇ ਪਿਆਰ ਨੂੰ ਵੇਖਦੇ
ਹੋਏ ਹਰ ਮੇਲੇ ਤੇ ਅਦਾਰੇ ਮੈਗਜ਼ੀਨ ਤੇ ਜਗਜੀਤ ਪਬਲੀਕੇਸ਼ਨ ਵਲੋਂ ਛਾਪੀਆਂ ਕਿਤਾਬਾਂ ਤੇ
ਮੈਗਜ਼ੀਨ ਵੀ ਸਟਾਲ ਵਿਚ ਅਖ਼ਬਾਰ ਨਾਲ ਲਗਾਈਆਂ ਜਾਣਗੀਆਂ।