ਸਪੋਕਸਮੈਨ ਸਦਕਾ ਮਿਲੀ ਨਵੀਂ ਜ਼ਿੰਦਗੀ: ਅਰਜਨ ਸਿੰਘ

ਪੰਥਕ, ਪੰਥਕ/ਗੁਰਬਾਣੀ




ਪੰਜਗਰਾਈਂ ਕਲਾਂ, 25 ਸਤੰਬਰ (ਸੁਖਚੈਨ ਸਿੰਘ ਜੀਵਨ ਵਾਲਾ) : ਤਕਰੀਬਨ ਡੇਢ ਸਾਲ ਪਹਿਲਾਂ ਨੇੜਲੇ ਪਿੰਡ ਜੀਵਨ ਵਾਲਾ ਦੇ 80 ਸਾਲਾ ਬਜ਼ੁਰਗ ਵਿਅਕਤੀ ਅਰਜਨ ਸਿੰਘ 'ਤੇ ਉਦੋਂ ਦੁਖਾਂ ਦਾ ਪਹਾੜ ਟੁੱਟ ਪਿਆ ਜਦ ਉਸ ਦੇ ਨੌਜਵਾਨ ਨੂੰਹ ਅਤੇ ਪੁੱਤਰ ਕੁਲਦੀਪ ਸਿੰਘ (55) ਲੰਮੀ ਬੀਮਾਰੀ ਤੋਂ ਪੀੜਤ ਹੋਣ ਕਾਰਣ ਇਕ ਮਹੀਨੇ ਦੇ ਵਕਫ਼ੇ ਨਾਲ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਅਰਜਨ ਸਿੰਘ ਅਪਣੇ ਪੋਤੇ-ਪੋਤੀਆਂ ਨਾਲ ਦੋ ਡੰਗ ਦੀ ਰੋਟੀ ਤੋਂ ਮੁਥਾਜ ਹੋ ਗਿਆ। ਸਿਰ ਤੋਂ ਮਕਾਨ ਦੀ ਛੱਤ ਟੁੱਟੀ ਹੋਈ ਜੋ ਮੀਂਹ ਦੌਰਾਨ ਚੋਣ ਲੱਗ ਜਾਂਦੀ, ਕੋਈ ਰਸੋਈ, ਲੈਟਰੀਨ, ਬਾਥਰੂਮ , ਨਲਕਾ ਆਦਿ ਲੋੜੀਦੀਆਂ ਵਸਤਾਂ ਨਾ ਹੋਣ ਕਾਰਣ ਪ੍ਰਮਾਤਮਾ ਤੋਂ ਮੌਤ ਮੰਗ ਰਿਹਾ ਸੀ।

ਅਜਿਹੇ ਵਿਚ ਪਿੰਡ ਵਾਸੀਆਂ ਨੇ ਕੁਝ ਰਾਸ਼ੀ ਇਕੱਤਰ ਕਰ ਕੇ ਅਰਜਨ ਸਿੰਘ ਨੂੰ ਦਿਤੀ ਅਤੇ ਪਰਵਾਰ ਦੀ ਤਰਸਯੋਗ ਹਾਲਤ ਵੇਖਦਿਆਂ ਇਸ ਸਬੰਧੀ ਇਕ ਖ਼ਬਰ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਿਚ ਪ੍ਰਕਾਸ਼ਤ ਹੋ ਗਈ, ਉਪ੍ਰੰਤ ਕਈ ਸੰਸਥਾਵਾਂ ਨੇ ਅਰਜਨ ਸਿੰਘ ਦੀ ਵਿੱਤੀ ਮਦਦ ਕੀਤੀ। ਇਸ ਸਬੰਧੀ ਅਰਜਨ ਸਿੰਘ ਨੇ ਕਿਹਾ ਕਿ ਸਮਾਜ ਸੇਵੀਆਂ ਅਤੇ ਸਪੋਕਸਮੈਨ ਅਖ਼ਬਾਰ ਦੀ ਉਮਰ ਲੰਮੀ ਹੋਵੇ ਤਾਕਿ ਇਹ ਉਨ੍ਹਾਂ ਵਰਗੇ ਬੇ-ਸਹਾਰਾ ਮੁਥਾਜ ਵਿਅਕਤੀਆਂ ਦੀ ਸੇਵਾ ਕਰਦੇ ਰਹਿਣ।

ਗੁਰੂ ਨਾਨਕ ਨਾਮ ਲੇਵਾ ਸਮਾਜ ਸੇਵੀ ਸੰਗਤ ਅਤੇ ਸੰਸਥਾਵਾਂ ਜਿਨ੍ਹਾਂ ਵਿਚ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ, ਭਾਈ ਘਨੱਹੀਆ ਕੈਂਸਰ ਰੋਕ ਸੁਸਾਇਟੀ ਹੋਰ ਪ੍ਰਵਾਸੀ ਭਾਰਤੀਆਂ ਨੇ ਵੈਲਫ਼ੇਅਰ ਸੁਸਾਇਟੀ ਜੀਵਨਵਾਲਾ ਦੇ ਨੁਮਾਇੰਦੇ ਹਾਕਮ ਸਿੰਘ ਸੈਕਟਰੀ ਗੁਰਦਿਆਲ ਸਿੰਘ ਸੁਬੇਦਾਰ ਅਤੇ ਸਮੂਹ ਮੈਂਬਰਾਂ ਦੀ ਰਹਿਨਮਾਈ ਹੇਠ ਉਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਡਾ: ਸ਼ਿਵਰਾਜ ਸਿੰਘ ਸੰਘਾ ਦੀ ਹਾਜ਼ਰੀ ਵਿਚ ਪਰਵਾਰ ਨੂੰ ਘਰ ਦਾ ਰਾਸ਼ਨ ਦਿਤਾ ਅਤੇ ਇਹ ਮਹੀਨਾਵਰ ਰਾਸ਼ਨ ਨਿਰਵਿਘਨ ਜਾਰੀ ਹੈ। ਇਸੇ ਤਰਾਂ ਭਾਈ ਘਨਈਆ ਕੈਂਸਰ ਰੋਕ ਸੁਸਾਇਟੀ ਵਲੋਂ ਘਰ ਦੀ ਮੁਰੰਮਤ ਤੋਂ ਇਲਾਵਾ ਲੈਟਰੀਨ, ਬਾਥਰੂਮ , ਨਾਬਾਲਗ਼ ਬੱਚਿਆਂ ਦੀ ਪੜ੍ਹਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਕੈਨੇਡਾ ਦੇ ਵਸਨੀਕ ਅਤੇ ਪਿੰਡ ਜੀਵਨਵਾਲਾ ਦੇ ਜੰਮਪਲ ਸਿਕੰਦਰ ਸਿੰਘ ਸਰੋਆ ਵਲੋਂ ਮਹੀਨਾਵਰ ਇਕ ਹਜ਼ਾਰ ਰੁਪਏ ਦੀ ਸਹਾਇਤਾ ਜੋ ਨਿਰਵਿਘਨ ਜਾਰੀ ਹੈ, ਪਰਵਾਰ ਨੂੰ ਪਹੁੰਚਾਈ ਜਾਂਦੀ ਹੈ। ਸੰਸਥਾ ਨੇ ਅਰਜਨ ਸਿੰਘ ਦੇ ਘਰ ਦਾ ਦਰਵਾਜ਼ਾ ਵੀ ਲਗਵਾਇਆ।