ਸਰਦੂਲ ਸਿੰਘ ਬੰਡਾਲਾ ਕਾਂਗਰਸ ਦੇ ਮਜ਼ਬੂਤ ਥੰਮ੍ਹ ਸਨ : ਵੇਰਕਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 6 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਾ. ਹਰਪਾਲ ਸਿੰਘ ਵੇਰਕਾ ਨੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ ਦੀ ਹੋਈ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਨਾਲ ਹਲਕਾ ਬੰਡਾਲਾ ਦੇ ਲੋਕਾਂ ਤੇ ਕਾਂਗਰਸ ਪਾਰਟੀ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਮਾ. ਵੇਰਕਾ ਨੇ ਕਿਹਾ ਕਿ ਬੰਡਾਲਾ ਇਕ ਮਿਹਨਤੀ ਤੇ ਪ੍ਰਭਾਵਸ਼ਾਲੀ ਆਗੂ ਸਨ, ਜਿਨ੍ਹਾਂ ਦੇ ਦਿਹਾਂਤ ਦਾ ਹਰ ਇਕ ਆਗੂ 'ਤੇ ਵਰਕਰ ਨੂੰ ਡੂੰਘਾ ਦੁੱਖ ਹੈ। ਮਾ. ਵੇਰਕਾ ਨੇ ਕਿਹਾ ਕਿ ਸਰਦੂਲ ਸਿੰਘ ਬੰਡਾਲਾ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਵਿਧਾਨ ਸਭਾ 'ਚ ਗ਼ਰੀਬ ਲੋਕਾਂ ਖ਼ਾਸ ਕਰ ਕੇ ਦਲਿਤਾਂ, ਪੱਛੜੇ ਵਰਗਾਂ ਬੇਮਸਲਿਆਂ ਨੂੰ ਉਭਾਰਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੇ ਕਈ ਗਰੀਬ ਪੱਖੀ ਫ਼ੈਸਲੇ ਵੀ ਕਰਵਾਏ। ਉਨ੍ਹਾਂ ਹਮੇਸ਼ਾ ਦਲਿਤਾਂ ਨੂੰ ਉੱਚਾ ਚੁੱਕਣ ਲਈ ਅਪਣੀ ਇਕ ਵਖਰੀ ਸੋਚ ਰੱਖੀ। ਸ. ਬੰਡਾਲਾ ਗ਼ਰੀਬਾਂ ਤੇ ਦਲਿਤਾਂ ਦੇ ਹਰ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੀ ਇਸ ਬੇਵਕਤੀ ਮੌਤ ਹੋਣ ਜਾਣ ਨਾਲ ਦਲਿਤਾਂ ਸਮੇਤ ਕਾਂਗਰਸ ਪਾਰਟੀ ਨੂੰ ਗਹਿਰਾ ਝਟਕਾ ਲੱਗਾ ਹੈ। ਸ. ਬੰਡਾਲਾ ਨੇ ਅਪਣੇ ਮੰਤਰੀ ਰਾਜਕਾਲ ਦੌਰਾਨ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੈਣੀਆਂ ਅਤੇ ਗ਼ਰੀਬਾਂ ਦਾ ਆਰਥਕ ਪੱਧਰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਸਨ। ਸ. ਵੇਰਕਾ ਮੁਤਾਬਕ ਉਨ੍ਹਾਂ ਹਮੇਸ਼ਾ ਹੀ ਗ਼ਰੀਬਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋ ਕੇ ਦੁੱਖ ਹੀ ਨਹੀਂ ਵੰਡਾਇਆ ਸਗੋਂ ਹਰ ਪੱਖੋਂ ਮੱਦਦ ਵੀ ਕੀਤੀ।ਇਸੇ ਤਰ੍ਹਾਂ ਯੂਥ ਕਾਂਗਰਸ ਇੰਟਕ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸ਼ੇਰਗਿੱਲ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦੇ ਅਕਾਲ ਚਲਾਣੇ ਨਾਲ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਇਹ ਕਦੇ ਪੂਰਾ ਨਹੀਂ ਹੋਵੇਗਾ। ਸ੍ਰ ਸ਼ੇਰਗਿੱਲ ਨੇ ਕਿਹਾ ਕਿ ਸ੍ਰ ਬੰਡਾਲਾ ਵੱਲੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ ਉਹ ਸਦਾ ਸਾਡੇ ਦਿਲਾਂ 'ਚ ਵੱਸਦੇ ਰਹਿਣਗੇ ਤੇ ਉਹ ਸਾਡੇ ਲਈ ਮਾਰਗ ਦਰਸ਼ਨ ਸਨ। ਜਸਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਵ: ਸ੍ਰ ਬੰਡਾਲਾ ਜੋ ਕਹਿਣੀ ਅਤੇ ਕਰਨੀ ਦੇ ਪੱਕੇ ਸਨ। ਸ੍ਰ ਬੰਡਾਲਾ ਸੱਚਮੁੱਚ, ਹੀ ਲੋਕਾਂ ਦੇ ਸੁੱਚੇ ਸੁੱਚੇ, ਇਮਾਨਦਾਰ ਤੇ ਹਮਦਰਦ ਨੇਤਾ ਸਨ। ਉਨ੍ਹਾਂ ਦੀਆਂ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਨੂੰ ਹਲਕੇ ਤੇ ਪੰਜਾਬ ਦੇ ਲੋਕ ਕਦੇ ਵੀ ਨਹੀ ਭੁੱਲ ਸਕਣਗੇ। ਸ੍ਰ ਸ਼ੇਰਗਿੱਲ ਨੇ ਸਪੱਸ਼ਟ ਕੀਤਾ ਕਿ ਸ੍ਰ ਬੰਡਾਲਾ ਦੀ ਯਾਦ ਕਦੇ ਵੀ ਭੁੱਲਣਯੋਗ ਨਹੀਂ ਹੈ, ਜਿੰਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹ 26 ਫਰਵਰੀ  ਸ਼ਰਧਾਂਜਲੀ ਸਮਾਗਮ ਵਜੋਂ ਮਨਾਉਣਗੇ।