ਨਵੀਂ ਦਿੱਲੀ, 23 ਦਸੰਬਰ (ਸੁਖਰਾਜ ਸਿੰਘ): ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਦੌਰਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਸਨਮਾਨ ਕਰਨਾ ਵਿਵਾਦਾ ਵਿਚ ਘਿਰਦਾ ਨਜ਼ਰੀ ਆ ਰਿਹਾ ਹੈ।ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸ. ਸਰਨਾ ਵਲੋਂ ਦਿਤੀ ਗਈ ਦਾਵਤ ਨੂੰ ਬਜਰ ਗੁਨਾਹ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ। ਇਸ ਸਬੰਧੀ ਅਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ. ਹਿਤ ਨੇ ਕਿਹਾ ਕਿ ਸ. ਸਰਨਾ ਤਾਂ ਸਿੱਖ ਹੀ ਨਹੀਂ ਹੈ, ਇਹ ਗੱਲ ਮੈਂ ਨਹੀਂ ਸਗੋਂ ਪਰਮਜੀਤ ਸਿੰਘ ਸਰਨਾ ਦੇ ਪਿਤਾ ਤਰਲੋਚਨ ਸਿੰਘ ਸਰਨਾ ਨੇ ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਉਪਰੰਤ ਉਪਰਾਜਪਾਲ ਦੇ ਸਾਹਮਣੇ ਕਹੀ ਸੀ। ਜਥੇ. ਹਿਤ ਨੇ ਦੱਸਿਆ ਕਿ ਪੰਜਾਬ ਦੇ ਕਾਲੇ ਸੰਤਾਪ ਦੌਰਾਨ ਦਿੱਲੀ ਦੇ ਅਕਾਲੀ ਆਗੂਆਂ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਕਰਕੇ ਸ. ਸਰਨਾ ਦੀ ਵੀ ਇਕ ਵਾਰ ਗ੍ਰਿਫ਼ਤਾਰੀ ਹੋਈ ਸੀ ਪਰ ਆਪਣੇ ਪੁੱਤਰ ਨੂੰ ਛੁਡਾਉਣ ਵਾਸਤੇ ਆਏ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਿੱਖ ਨਾ ਹੋਣ ਦਾ ਹੀ ਦਾਅਵਾ ਕਰ ਦਿੱਤਾ ਸੀ। ਅਵਤਾਰ ਸਿੰਘ ਹਿਤ ਨੇ ਪੁਰਾਣੀ ਘਟਨਾ ਨੂੰ ਅੱਜ ਦੇ ਸੰਦਰਭ ਨਾਲ ਜੋੜਦੇ ਹੋਏ ਖੁਲਾਸਾ ਕੀਤਾ ਕਿ ਜਦੋਂ ਕੁਝ ਦਿਨਾਂ ਪਹਿਲਾ ਪਾਕਿਸਤਾਨੀ ਸਫ਼ੀਰ ਸੋਹੇਲ ਮਹਿਮੂਦ ਨੂੰ ਸਨਮਾਨਤ ਕਰਨ ਦੀ ਸ. ਸਰਨਾ ਨੇ ਪੇਸ਼ਕਸ਼ ਕੀਤੀ ਸੀ ਤਾਂ ਸੋਹੇਲ ਨੇ ਮੋਹਰਮ ਦੇ ਮਹੀਨੇ ਦਾ ਹਵਾਲਾ ਦੇ ਕੇ ਅਪਣਾ ਸਨਮਾਨ ਨਾ ਕਰਵਾਉਣ ਦੀ ਆਸਮਰਥਤਾ ਜਤਾਈ ਸੀ ਪਰ ਸਰਨਾ ਭਰਾਵਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੌਰਾਨ ਖੁਸ਼ੀਆਂ ਦਾ ਜਸ਼ਨ ਮਨਾ ਕੇ ਇਹ ਸਾਬਿਤ ਕਰ ਦਿਤਾ ਕਿ ਉਹ ਸੋਹੇਲ ਦੇ ਮੁਕਾਬਲੇ ਆਪਣੇ ਧਰਮ ਨੂੰ ਪਿਆਰ ਨਹੀਂ ਕਰਦੇ।