ਸਰਨਿਆਂ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਕਰੋੜਾਂ ਦੇ ਅਖੌਤੀ ਘਾਟੇ ਵਿਚ ਹੋਣ ਦੇ ਕੀਤੇ ਦਾਅਵੇ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 7 ਦਸੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਹੱਦ ਤੱਕ ਆਰਥਕ ਮੰਦਹਾਲੀ ਦੇ ਰਾਹ ਪੈ ਚੁਕੀ ਹੈ ਕਿ ਕਮੇਟੀ ਨੇ ਅਪਣੇ ਰਸਾਲੇ 'ਸੀਸ ਗੰਜ' ਵਿਚ ਹਰ ਮਹੀਨੇ ਆਮਦਨ ਤੇ ਖ਼ਰਚ ਦਾ ਬਿਓਰਾ ਦੇਣਾ ਹੀ ਬੰਦ ਕਰ ਦਿਤਾ ਹੈ  ਕਿਉਂਕਿ ਇਸ ਬਿਓਰੇ ਤੋਂ ਇਹ ਸਪਸ਼ਟ ਹੋ ਚੁਕਾ ਸੀ ਕਿ ਕਮੇਟੀ ਹਰ ਮਹੀਨੇ ਡੇਢ ਤੋਂ ਦੋ ਕਰੋੜ ਰੁਪਏ ਦੇ ਘਾਟੇ ਵਿਚ ਚਲ ਰਹੀ ਹੈ। ਜਿਸ ਕਰ ਕੇ ਕਮੇਟੀ ਦੀ ਨੁਕਤਾਚੀਨੀ ਹੋ ਰਹੀ ਸੀ।ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਐਕਟ 1971  ਮੁਤਾਬਕ ਕਮੇਟੀ ਨੂੰ ਸੰਗਤ ਦੀ ਜਾਣਕਾਰੀ ਲਈ ਆਮਦਨ ਤੇ ਖ਼ਰਚ ਦੇ ਵੇਰਵੇ ਜਨਤਕ ਕਰਨੇ ਹੁੰਦੇ ਹਨ, ਪਰ ਰਸਾਲੇ ਵਿਚ ਇਹ ਬਿਓਰਾ ਛਾਪਣਾ ਬੰਦ ਕਰ ਦਿਤਾ ਗਿਆ ਹੈ ਜਿਸ ਖ਼ਿਲਾਫ਼ ਉਹ ਅਦਾਲਤ ਵਿਚ ਜਾਣਗੇ।ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਕਮੇਟੀ ਦੇ ਰਸਾਲੇ 'ਸੀਸ ਗੰਜ' ਵਿਚ ਸੰਗਤ ਲਈ ਪਿਛਲੇ 50 ਸਾਲ ਤੋਂ  4 ਪੰਨੇ ਛਾਪ ਕੇ, ਆਮਦਨ ਤੇ ਖਰਚ ਦੇ ਵੇਰਵੇ ਦਿਤੇ ਜਾਂਦੇ ਰਹੇ ਹਨ,  ਪਰ ਪਿਛਲੇ ਸਮੇਂ ਤੋਂ ਕਮੇਟੀ ਪ੍ਰਬੰਧਕਾਂ ਦੀ ਨਾਲਾਇਕੀ ਕਰ ਕੇ, ਕਮੇਟੀ 'ਤੇ ਆਰਥਕ ਬੋਝ ਵੱਧ ਗਿਆ ਹੋਇਆ ਸੀ ਤੇ ਲੋਕਾਂ ਤੋਂ ਛੁਪਾਉਣ ਲਈ ਇਨ੍ਹਾਂ ਇਸ ਵਾਰ ਤੋਂ ਰਸਾਲੇ ਵਿਚ ਆਮਦਨ ਤੇ ਖ਼ਰਚ ਦੀ ਮਦ ਦੇਣੀ ਹੀ ਬੰਦ ਕਰ ਦਿਤੀ ਹੋਈ ਹੈ।ਸ.ਪਰਮਜੀਤ ਸਿੰਘ ਸਰਨਾ ਨੇ ਹੈਰਾਨੀ ਪ੍ਰਗਟਾਉਂਦਿਆਂ ਪੁਛਿਆ, “ਦਿੱਲੀ ਦੇ ਸੋ ਤੋਂ ਵੀ ਵੱਧ ਸਿੰਘ ਸਭਾ ਗੁਰਦਵਾਰੇ ਹਰ ਮਹੀਨੇ ਅਪਣਾ ਆਮਦਨ ਤੇ ਖ਼ਰਚ ਦਾ ਬਿਓਰਾ ਨੋਟਿਸ ਬੋਰਡ 'ਤੇ ਲਗਾ ਕੇ, ਸੰਗਤ ਨੂੰ ਜਾਣਕਾਰੀ ਦਿੰਦੇ ਹਨ, ਪਰ ਦਿੱਲੀ ਕਮੇਟੀ ਨੇ ਇਹ ਬਿਓਰਾ ਕਿਉਂ ਛਾਪਣਾ ਬੰਦ ਕਰ ਦਿਤਾ ਹੈ?”

ਉਨਾਂ੍ਹ ਦੋਸ਼ ਲਾਇਆ ਕਿ ਪ੍ਰਬੰਧਕਾਂ ਨੇ ਕਰੋੜਾਂ ਰੁਪਏ ਨਵੀਂਆਂ ਗੱਡੀਆਂ ਖਰੀਦਣ ਤੇ ਲਾਏ ਤੇ ਹਵਾਈ ਸੈਰਾਂ ਕੀਤੀਆਂ ਜਿਸ ਕਾਰਨ ਕਮੇਟੀ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ।ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ:- ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸਰਨਾ ਭਰਾਵਾਂ ਨੂੰ ਸਿਆਸਤ ਤੋਂ ਪ੍ਰੇਰਿਤ ਹੋ ਕੇ ਦੋਸ਼ ਹੀ ਲਾਉਣੇ ਆਉਂਦੇ ਹਨ। ਸਰਨਾ ਸਾਹਬ ਦੇ ਸਮੇਂ ਵੀ  'ਸੀਸ ਗੰਜ' ਰਸਾਲੇ ਵਿਚ ਆਮਦਨ ਤੇ ਖ਼ਰਚ ਦੇ ਵੇਰਵੇ ਕਈ ਵਾਰ ਨਹੀਂ ਸਨ ਦਿਤੇ ਗਏ, ਜਿਸਦੇ ਸਾਡੇ ਕੋਲ ਸਬੂਤ ਹਨ। ਉਨਾਂ੍ਹ ਕਿਹਾ ਕਿ ਆਮਦਨ ਤੇ ਖਰਚ ਦੇ ਵੇਰਵਿਆਂ ਦੇ ਲੇਖਾ ਜੋਖਾ ਦਾ ਹੋਰ ਸੁਧਾਰ ਕੀਤਾ ਜਾ ਰਿਹਾ ਹੈ, ਫਿਰ ਛੇਤੀ ਹੀ ਰਸਾਲੇ ਵਿਚ ਛਾਪ ਦਿਤਾ ਜਾਵੇਗਾ। ਉਂਜ ਵੀ ਕਮੇਟੀ ਵਿਚ ਇਕ ਸਾਲ ਤੋਂ ਆਰਟੀਆਈ ਲਾਗੂ ਹੈ, ਉਸ ਰਾਹੀਂ ਵੀ ਕੋਈ ਵੀ ਕਮੇਟੀ ਤੋਂ ਇਹ ਰੀਕਾਰਡ ਹਾਸਲ ਕਰ ਸਕਦਾ ਹੈ।ਸ.ਪਰਮਿੰਦਰਪਾਲ ਸਿੰਘ ਨੇ ਸਰਨਾ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਰੱਦ ਕਰ ਦਿਤਾ ਕਿ ਕਮੇਟੀ ਨੇ ਬੇਹਿਸਾਬੀ ਹਵਾਈ ਯਾਤਰਾਵਾਂ ਕੀਤੀਆਂ ਹਨ ਤੇ ਕਿਹਾ, “ਸ.ਮਨਜੀਤ ਸਿੰਘ ਜੀ.ਕੇ. ਦਾ ਵਿਦੇਸ਼ ਭਰਾ ਰਹਿੰਦਾ ਹੈ,ਤੇ ਉਹ ਹਰ ਵਾਰ ਅਪਣੇ ਨਿੱਜੀ ਪੈਸਿਆਂ ਨਾਲ ਹੀ ਹਵਾਈ ਸਫ਼ਰ ਕਰਦੇ ਹਨ। ਉਤਰਾਖੰਡ ਤੇ ਹੋਰ ਥਾਂਵਾਂ ਵਿਚ ਆਈਆਂ ਕੁਦਰਤੀਆਂ ਆਫ਼ਤਾਂ ਵੇਲੇ ਜਦ ਕਮੇਟੀ ਵਲੋਂ ਲੰਗਰ ਲਾਏ ਗਏ ਸਨ ਤੇ ਹੋਰ ਸਹਾਇਤਾ ਕੀਤੀ ਗਈ ਸੀ, ਉਦੋਂ ਵੀ ਕਈ ਪਤਵੰਤਿਆਂ ਕੋਲੋਂ ਹੈਲੀਕਾਪਟਰ ਲਏ ਸਨ, ਗੁਰਦਵਾਰਾ ਗੋਲਕ 'ਚੋਂ ਬਿਲਕੁਲ ਵੀ ਇਕ ਪੈਸਾ ਨਹੀਂ ਸੀ ਖਰਚਿਆ ਗਿਆ। ਮਹਿੰਗਾਈ  ਤੇ ਜੀਐਸਟੀ ਦਾ ਵੀ ਬੋਝ  ਕਮੇਟੀ ਤੇ ਗੁਰਦਵਾਰਿਆਂ ਦੇ ਖਰਚਿਆਂ 'ਤੇ ਪਿਆ ਹੈ। ਇਸ ਲਈ ਸਰਨਾ ਭਰਾਵਾਂ ਨੂੰ ਤੱਥਾਂ ਤੋਂ ਉਲਟ ਨਹੀਂ ਬੋਲਣਾ ਚਾਹੀਦਾ।“