ਵਾਸ਼ਿੰਗਟਨ, 31 ਅਗੱਸਤ: ਅਮਰੀਕੀਆਂ
ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਹੋਏ ਸਰਵੇ ਵਿਚ 68 ਫ਼ੀ
ਸਦੀ ਲੋਕਾਂ ਨੇ ਮੰਨਿਆ ਕਿ ਸਿੱਖ ਚੰਗੇ ਗੁਆਂਢੀ ਹੁੰਦੇ ਹਨ ਅਤੇ 64 ਫ਼ੀ ਸਦੀ ਲੋਕਾਂ ਨੇ
ਇਹ ਵੀ ਮੰਨਿਆ ਕਿ ਸਿੱਖ ਉਦਾਰਵਾਦੀ ਅਤੇ ਦਿਆਲੂ ਹੁੰਦੇ ਹਨ। ਇਸ ਸਿੱਖ ਜਾਗਰੂਕਤਾ ਮੁਹਿੰਮ
ਵਿਚ ਅਮਰੀਕਾ ਦੇ ਲੋਕਾਂ ਲੋਕਾਂ ਵਿਚ ਸਿੱਖ ਧਰਮ ਪ੍ਰਤੀ ਸਾਕਾਰਾਤਮਕ ਸਮਝ ਵਧਾਈ ਗਈ ਹੈ।
ਇਹ ਮੁਹਿੰਮ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਦਸਣ ਲਈ ਚਲਾਈ ਗਈ ਸੀ।
ਮਹੀਨਿਆਂ ਤਕ
ਚੱਲੇ 'ਅਸੀਂ ਸਿੱਖ ਹਾਂ' ਇਸ਼ਤਿਹਾਰ ਮੁਹਿੰਮ ਨੂੰ ਗ਼ੈਰ ਲਾਭਕਾਰੀ ਸੰਗਠਨ ਨੈਸ਼ਨਲ ਸਿੱਖ
ਕੈਂਪੇਨ ਨੇ ਵਿਸਾਖੀ ਮੌਕੇ 14 ਅਪ੍ਰੈਲ ਨੂੰ ਸ਼ੁਰੂ ਕੀਤਾ ਸੀ। ਇਹ ਸਰਵੇਖਣ ਕੈਲੇਫ਼ੋਰਨੀਆ
ਤੇ ਫ਼੍ਰੇਜ਼ਨੋ ਵਿਚ ਕੀਤਾ ਗਿਆ ਸੀ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਰਹਿੰਦੇ ਹਨ ਅਤੇ
ਜਿਥੇ ਪਿਛਲੇ ਕੁੱਝ ਸਾਲਾਂ ਤੋਂ ਸਿੱਖ ਅਮਰੀਕੀਆਂ ਵਿਰੁਧ ਵਾਰ-ਵਾਰ ਹਿੰਸਾ ਵੇਖਣ ਨੂੰ ਮਿਲ
ਰਹੀ ਹੈ। ਬੀਤੇ ਕੁੱਝ ਮਹੀਨਿਆਂ ਵਿਚ ਸਿੱਖਾਂ ਵਿਰੁਧ ਹੋਏ ਨਸਲੀ ਹਮਲਿਆਂ ਵਿਚ ਦੋ
ਸਿੱਖਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਮੁਹਿੰਮ ਵਿਚ ਜ਼ਮੀਨੀ ਪੱਧਰ 'ਤੇ ਪ੍ਰੋਗਰਾਮ
ਹੋਣਾ, ਟੀਵੀ ਇਸ਼ਤਿਹਾਰ, ਡਿਜੀਟਲ ਇਸ਼ਤਿਹਾਰ ਅਤੇ ਅਹਿਮ ਨਿਊਜ਼ ਰੀਪੋਰਟ ਸ਼ਾਮਲ ਹਨ। ਇਸ
ਮੁਹਿੰਮ ਦਾ ਇਕ ਵੱਡਾ ਮਕਸਦ ਇਹ ਸੀ ਕਿ ਅਮਰੀਕੀ ਲੋਕਾਂ ਨੂੰ ਇਹ ਦਸਿਆ ਜਾ ਸਕੇ ਕਿ ਸਿੱਖ
ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ। 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਵਿਰੁਧ ਗ਼ਲਤ
ਪਛਾਣ ਹੋਣ ਕਾਰਨ ਨਸਲੀ ਹਮਲੇ ਵਧੇ ਹਨ।‘ (ਭਾਸ਼ਾ)