ਬਰਨਾਲਾ, 30 ਅਗੱਸਤ
(ਜਗਸੀਰ ਸਿੰਘ ਸੰਧੂ) : ਡੇਰਾ ਸਿਰਸਾ ਵਲੋਂ ਪ੍ਰਕਾਸ਼ਤ ਕੀਤੇ ਜਾ ਰਹੇ ਅਖ਼ਬਾਰ 'ਸੱਚ ਕਹੂੰ'
ਨੇ ਸਮੁੱਚੇ ਮੀਡੀਆ 'ਤੇ ਵਰ੍ਹਦਿਆਂ ਕਿਹਾ ਹੈ ਕਿ ਮੀਡੀਆ ਨੇ ਮਰਿਆਦਾਵਾਂ ਨੂੰ ਤਾਰ-ਤਾਰ
ਕਰ ਦਿਤਾ ਅਤੇ ਕਲਯੁਗੀ ਪੱਤਰਕਾਰ ਆਪੋ ਅਪਣੇ ਅਦਾਰਿਆਂ ਦੀ ਟੀ.ਆਰ.ਪੀ ਵਧਾਉਣ ਲਈ ਬੇਚੈਨ
ਹਨ।
ਪੰਜਾਬੀ ਦੀ ਕਹਾਵਤ 'ਬੇਸ਼ਰਮਾਂ ਦੀ ਡੁੱਲ੍ਹ ਗਈ ਦਾਲ, ਅਖੇ ਯਾਰ ਤਾਂ ਦਾਲ ਡੋਲ੍ਹ
ਕੇ ਹੀ ਖਾਂਦੇ ਨੇ' ਵਾਂਗ ਸੌਦਾ ਸਾਧ ਦੇ ਅਖ਼ਬਾਰ ਵਲੋਂ ਸਮੁੱਚੇ ਮੀਡੀਆ ਨੂੰ ਹੀ ਦੋਸ਼ੀ
ਠਹਿਰਾਉਂਦਿਆਂ ਇਥੋਂ ਤਕ ਲਿਖ ਦਿਤਾ ਕਿ ਮੀਡੀਆ ਤੰਤਰ ਸੋਚੀ ਸਮਝੀ ਸਾਜ਼ਸ਼ ਤਹਿਤ ਡੇਰਾ
ਸਿਰਸਾ ਦੀ ਛਵੀ ਨੂੰ ਖ਼ਰਾਬ ਕਰਨ ਲਈ ਹੋਛੇ ਅਤੇ ਘਿਨੌਣੇ ਹੱਥਕੰਡੇ ਵਰਤ ਰਿਹਾ ਹੈ ਜਿਸ
ਤਹਿਤ ਸਮੁੱਚਾ ਮੀਡੀਆ ਸੂਚਨਾ ਤੰਤਰ ਦੇ ਮਾਅਨਿਆਂ ਦੀ ਅਣਦੇਖੀ ਕਰ ਕੇ ਤੱਥ ਰਹਿਤ ਦੋਸ਼ਾਂ
ਨੂੰ ਤੋੜ-ਮਰੋੜ ਕੇ ਪ੍ਰਚਾਰ ਰਿਹਾ ਹੈ।
ਇਥੇ ਹੀ ਬਸ ਨਹੀਂ ਕੀਤੀ ਗਈ ਸਗੋਂ ਇਹ ਵੀ
ਲਿਖਿਆ ਗਿਆ ਹੈ ਕਿ ਅਪਣੇ ਨਾਪਾਕ ਉਦੇਸ਼ਾਂ ਦੀ ਪੂਰਤੀ ਲਈ ਮੀਡੀਆ ਝੂਠ, ਫ਼ਰੇਬ ਅਤੇ
ਮਨੋਕਲਪਿਤ ਖ਼ਬਰਾਂ ਬਣਾ ਰਿਹਾ ਹੈ ਅਤੇ ਪੱਤਰਕਾਰਤਾ ਦੀ ਆਤਮਾ ਨੂੰ ਛੰਨਣੀ-ਛੰਨਣੀ ਕਰ ਰਿਹਾ
ਹੈ। ਸੌਦਾ ਸਾਧ ਦਾ ਅਖ਼ਬਾਰ ਇਹ ਵੀ ਲਿਖ ਰਿਹਾ ਹੈ ਕਿ ਪੰਚਕੂਲਾ ਵਿਚ ਹਿੰਸਾ, ਪ੍ਰੇਮੀਆਂ
ਦੀ ਆੜ ਵਿਚ ਆਏ ਅਗਿਆਤ ਲੋਕਾਂ ਵਲੋਂ ਕੀਤੀ ਗਈ ਹੈ।