ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਦੀਆਂ ਤਿਆਰੀਆਂ ਮੁਕੰਮਲ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ, 7 ਸਤੰਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੇ ਸਜ਼ਾ ਯਾਫ਼ਤਾ ਸੌਦਾ ਸਾਧ ਦੇ ਸਿਰਸਾ ਸਥਿਤ ਡੇਰੇ ਦੀ ਤਲਾਸ਼ੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੌਦਾ ਡੇਰੇ  ਦੀ ਤਲਾਸ਼ੀ ਲਈ ਹਾਈ ਕੋਰਟ ਵਲੋਂ ਨਿਯੁਕਤ ਕੋਰਟ ਕਮਿਸ਼ਨਰ ਏ.ਕੇ.ਐਸ.  ਪਵਾਰ ਸਿਰਸਾ ਪਹੁੰਚ ਚੁੱਕੇ ਹਨ । ਸਿਰਸਾ ਪ੍ਰਸ਼ਾਸਨ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਸ਼ੁਕਰਵਾਰ ਨੂੰ ਡੇਰੇ ਵਿਚ ਤਲਾਸ਼ੀ ਮੁਹਿੰਮ ਵਿੱਢੀ ਜਾਵੇਗੀ ।
ਸਿਰਸਾ ਵਿਚ ਡੇਰੇ ਦੇ ਆਸਪਾਸ ਸੁਰੱਖਿਆ ਬੇਹੱਦ ਕਰੜੀ ਕਰ ਦਿਤੀ ਗਈ ਹੈ । ਹਰ ਆਉਣ-ਜਾਣ ਵਾਲੇ ਵਿਅਕਤੀ 'ਤੇ ਕਰੜੀ ਨਜ਼ਰ  ਰੱਖੀ ਜਾ ਰਹੀ ਹੈ । ਭਲਕੇ ਸੱਭ ਤੋਂ ਪਹਿਲਾਂ ਡਾਗ ਸਕੁਐਡ ਰਾਹੀਂ ਇਹ ਸਰਚ ਆਪਰੇਸ਼ਨ ਸ਼ੁਰੂ ਕੀਤਾ ਜਾਵੇਗਾ। ਡੇਰੇ ਵਿਚ ਬੰਬ ਹੋਣ ਦੇ ਖ਼ਦਸ਼ੇ ਕਾਰਨ ਸੱਭ ਤੋਂ ਪਹਿਲਾਂ ਇਹ ਡਾਗ ਸਕੁਐਡ ਨੂੰ ਭੇਜਿਆ ਜਾਵੇਗਾ। ਸਿਰਸਾ ਪੁੱਜਣ  ਮਗਰੋਂ ਕਾਨੂੰਨੀ ਅਧਿਕਾਰੀ ਏ.ਕੇ. ਐਸ. ਪਵਾਰ ਨੇ  ਅਧਿਕਾਰੀਆਂ ਨਾਲ ਸਰਚ ਆਪਰੇਸ਼ਨ ਦੀ ਰੂਪ ਰੇਖਾ ਤਿਆਰ ਕੀਤੀ । ਦਸਿਆ ਜਾ ਰਿਹਾ ਹੈ ਕਿ ਡੇਰੇ ਦੇ ਨਕਸ਼ੇ ਨੂੰ ਸਟੱਡੀ ਕਰਨ ਮਗਰੋਂ ਵੱਖ-ਵੱਖ ਸੈਕਟਰਾਂ  ਵਿਚ ਵੰਡ ਕੇ ਸੈਕਟਰ ਹੈੱਡ ਨਿਯੁਕਤ ਕੀਤੇ ਜਾਣਗੇ ਜਿਸ ਲਈ ਮਾਹਰ ਕਰਮਚਾਰੀਆਂ  ਅਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ। ਪੈਮਾਇਸ਼ ਲਈ ਪਟਵਾਰੀ ਅਤੇ ਕਾਨੂੰਗੋ ਦੀ ਡਿਊਟੀ ਲੱਗੇਗੀ । ਮਾਲ ਅਤੇ ਆਮਦਨ ਕਰ  ਵਿਭਾਗਾਂ ਦੀਆਂ ਟੀਮਾਂ ਵੀ ਮੌਕੇ 'ਤੇ ਰਹਿਣਗੀਆਂ । ਹਰ ਟੀਮ ਨਾਲ ਪੁਲਿਸ,  ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਮੌਜੂਦ ਰਹਿਣਗੇ ।  ਇਸ ਨਾਲ ਬੰਬ ਨਿਰੋਧਕ ਦਸਤਾ ਰਹੇਗਾ। ਬਾਅਦ ਵਿਚ ਸਰਚ ਟੀਮ ਡੇਰੇ ਅੰਦਰ ਜਾਵੇਗੀ । ਇਸ ਤੋਂ ਇਲਾਵਾ 50 ਮੈਂਬਰੀ ਬੰਬ ਨਿਰੋਧਕ ਦਸਤਾ ਵੀ ਸਿਰਸਾ ਅਪੜਿਆ ਹੈ। 40 ਸਵੈਟ ਕਮਾਂਡੋਜ਼ ਦਾ ਦਸਤਾ ਵੀ ਮੌਕੇ 'ਤੇ ਪਹੁੰਚ ਚੁਕਾ ਹੈ । ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੀਆਂ 41 ਕੰਪਨੀਆਂ ਵੀ ਭੇਜੀਆਂ ਗਈਆਂ ਹਨ।