ਸੌਦਾ ਸਾਧ ਮਾਮਲਾ: ਹਰਸਿਮਰਤ ਬਾਦਲ ਦੀ ਚੁੱਪੀ ਹੈਰਾਨੀਜਨਕ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 4 ਅਕਤੂਬਰ (ਗੁਰਿੰਦਰ ਸਿੰਘ): ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਲਗਾਤਾਰ 10 ਸਾਲ ਬੀਬਾ ਹਰਸਿਮਰਤ ਕੌਰ ਬਾਦਲ ਦੀ ਟੀਵੀ ਚੈਨਲਾਂ ਰਾਹੀਂ 'ਨੰਨ੍ਹੀ ਛਾਂ' ਪ੍ਰਾਜੈਕਟ ਤਹਿਤ ਬੇਟੀ ਬਚਾਉਣ ਦੀ ਅਪੀਲ ਕਰਨ ਵਾਲੀ ਮਸ਼ਹੂਰੀ ਚਲਦੀ ਰਹੀ ਅਤੇ ਸੋਸ਼ਲ ਮੀਡੀਆ ਰਾਹੀਂ ਅਕਾਲੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਵਲੋਂ ਬੀਬਾ ਬਾਦਲ ਦੀ ਹਾਜ਼ਰੀ 'ਚ ਬੇਰੁਜ਼ਗਾਰ ਲੜਕੀਆਂ ਦੇ ਚਾੜ੍ਹੇ ਜਾ ਰਹੇ ਕੁਟਾਪੇ ਬਾਰੇ ਵੀ ਖ਼ੂਬ ਚਰਚਾ ਰਹੀ ਪਰ ਬੀਬਾ ਬਾਦਲ ਨੇ ਨਾ ਤਾਂ ਕਦੇ ਅਕਾਲੀ ਆਗੂਆਂ ਵਲੋਂ ਬੇਰੁਜ਼ਗਾਰ ਲੜਕੀਆਂ ਨੂੰ ਕੁੱਟਣ ਸਬੰਧੀ ਟਿਪਣੀ ਕਰਨ ਦੀ ਜ਼ਰੂਰਤ ਸਮਝੀ ਤੇ ਨਾ ਹੀ ਲੜਕੀਆਂ 'ਤੇ ਹੱਥ ਚੁੱਕਣ ਵਾਲਿਆਂ ਵਿਰੁਧ ਕਾਰਵਾਈ ਕਰਨ ਜਾਂ ਪੀੜਤ ਲੜਕੀਆਂ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕੀਤੀ। 

ਮੌਜੂਦਾ ਸਮੇਂ 'ਚ ਵਾਪਰੀਆਂ ਕੁੱਝ ਸ਼ਰਮਨਾਕ ਘਟਨਾਵਾਂ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਹੁਣ ਫਿਰ ਹਰਸਿਮਰਤ ਕੌਰ ਬਾਦਲ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਚੁੱਪੀ ਨੇ ਕਈ ਸਵਾਲ ਪੈਦਾ ਕਰ ਦਿਤੇ ਹਨ। ਪੁੱਛਣ ਵਾਲਿਆਂ ਅਨੁਸਾਰ ਸੌਦਾ ਸਾਧ ਨੂੰ ਜੇਲ ਪਹੁੰਚਾਉਣ ਲਈ ਲਗਾਤਾਰ 15 ਸਾਲ ਸੰਤਾਪ ਭੋਗਣ ਵਾਲੀਆਂ ਦੋ ਲੜਕੀਆਂ ਦੇ ਹੱਕ 'ਚ ਬੀਬਾ ਬਾਦਲ ਨੇ ਹਾਅ ਦਾ ਨਾਹਰਾ ਕਿਉਂ ਨਾ ਮਾਰਿਆ? ਭਾਵੇਂ ਭਾਰਤੀ ਸੰਵਿਧਾਨ ਦੇ ਆਰਟੀਕਲ 14 ਅਨੁਸਾਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਹਨ, ਆਰਟੀਕਲ 15 (1) ਅਨੁਸਾਰ ਉਸ ਨਾਲ ਮਰਦਾਂ ਮੁਕਾਬਲੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਆਰਟੀਕਲ 16 ਉਨ੍ਹਾਂ ਨੂੰ ਬਰਾਬਰ ਮੌਕਿਆਂ ਦਾ ਅਧਿਕਾਰ ਦਿੰਦਾ ਹੈ ਪਰ ਭਾਰਤੀ ਸੰਵਿਧਾਨ ਮੁਤਾਬਕ ਔਰਤ ਨੂੰ ਮਿਲੇ ਹਕਾਂ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਵਲੋਂ ਔਰਤਾਂ ਦੇ ਹੱਕ 'ਚ ਆਵਾਜ਼ ਨਾ ਉਠਾਉਣਾ ਤੇ ਲੋਕਾਂ ਨੂੰ ਨਸੀਅਤ ਦੇਣ ਦੇ ਵੱਡੇ-ਵੱਡੇ ਦਾਅਵੇ ਮਜ਼ਾਕ ਅਤੇ ਥੌਥੇ ਜਾਪਦੇ ਹਨ।