ਚੰਡੀਗੜ੍ਹ, 27 ਸਤੰਬਰ (ਨੀਲ ਭਲਿੰਦਰ ਸਿੰੰਘ) : ਸੌਦਾ ਸਾਧ ਡੇਰੇ ਦੀ ਕਥਿਤ ਕੁਰਬਾਨੀ ਬ੍ਰਿਗੇਡ ਨੇ ਚਾਰ ਟੀਵੀ ਚੈਨਲਾਂ ਨੂੰ ਧਮਕੀ ਭਰਿਆ ਪੱਤਰ ਭੇਜਿਆ ਹੈ। ਇਹ ਪੱਤਰ ਚੈਨਲਾਂ ਦੇ ਚੰਡੀਗੜ੍ਹ ਵਾਲੇ ਦਫ਼ਤਰਾਂ ਵਿਚ ਭੇਜਿਆ ਗਿਆ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਟੀਵੀ ਉਤੇ ਰਾਮ ਰਹੀਮ ਵਿਰੁਧ ਰੀਪੋਰਟਿੰਗ ਕਰਨ ਵਾਲੇ ਪੱਤਰਕਾਰਾਂ, ਸਾਬਕਾ ਡੇਰਾ ਪ੍ਰੇਮੀਆਂ ਅਤੇ ਤਿੰਨ ਅਫ਼ਸਰਾਂ ਨੂੰ ਜਾਨੋਂ ਮਾਰਨੇ ਦੀ ਧਮਕੀ ਦਿਤੀ ਹੈ।
ਨਿਊਜ਼ ਚੈਨਲ ਆਜਤਕ ਸਮੇਤ ਤਿੰਨ ਹੋਰ ਨਿਊਜ਼ ਚੈਨਲਾਂ ਨੂੰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ। ਇਹ ਪੱਤਰ ਰਜਿਸਟਰਡ ਪੋਸਟ ਰਾਹੀਂ ਚੰਡੀਗੜ੍ਹ ਵਿਚ ਕੁੱਝ ਚੈਨਲਾਂ ਦੇ ਦਫ਼ਤਰ ਵਿਚ ਭੇਜੇ ਗਏ ਹਨ।
ਪੱਤਰ ਵਿਚ ਸਾਬਕਾ ਡੇਰਾ ਪ੍ਰੇਮੀਆਂ, ਰੀਪੋਰਟਿੰਗ ਕਰ ਰਹੇ ਪੱਤਰਕਾਰਾਂ ਅਤੇ ਹਰਿਆਣਾ ਪੁਲਿਸ ਦੇ ਤਿੰਨ ਅਫ਼ਸਰਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿਤੀ ਹੈ।ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਚਿੱਠੀ ਸੌਦਾ ਸਾਧ ਦੀ ਕਥਿਤ ਕੁਰਬਾਨੀ ਬ੍ਰਿਗੇਡ ਨੇ ਲਿਖੀ ਹੈ।ਪੱਤਰ ਵਿਚ ਕਥਿਤ ਕੁਰਬਾਨੀ ਬ੍ਰਿਗੇਡ ਨੇ ਲਿਖਿਆ ਹੈ ਕਿ 'ਗੁਰੁ ਜੀ' ਲਈ ਕਰੀਬ 200 ਜਵਾਨ ਮਰਨ ਲਈ ਤਿਆਰ ਹਨ ।
ਇਸ ਪੱਤਰ ਵਿਚ ਸੌਦਾ ਸਾਧ ਵਿਰੁਧ ਚੈਨਲਾਂ ਉਤੇ ਡਿਬੇਟ ਕਰਨ ਵਾਲੇ ਗੁਰਦਾਸ ਸਿੰਘ, ਹੰਸਰਾਜ, ਭੁਪਿੰਦਰ ਸਿੰਘ ਅਤੇ ਖੱਟਾ ਸਿੰਘ ਦੇ ਨਾਮ ਸ਼ਾਮਲ ਹਨ।