ਸੌਦਾ ਸਾਧ ਨੇ ਡੇਰੇ 'ਚ 465 ਸਾਧੂ ਕੀਤੇ ਨਿਪੁੰਸਕ

ਪੰਥਕ, ਪੰਥਕ/ਗੁਰਬਾਣੀ



ਚੰਡੀਗੜ੍ਹ, 28 ਅਗੱਸਤ (ਜੀ.ਸੀ. ਭਾਰਦਵਾਜ): ਅਪਣੀਆਂ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਸੌਦਾ ਸਾਧ ਡੇਰਾ ਪ੍ਰੇਮੀ ਸਾਧੂਆਂ ਨੂੰ ਨਿਪੁੰਸਕ ਕਰਨ ਦੇ ਦੋਸ਼ ਹੇਠ ਦਰਜ ਮਾਮਲੇ ਵਿਚ ਵੀ ਬੁਰੀ ਤਰ੍ਹਾਂ ਫਸ ਚੁੱਕਾ ਹੈ। ਸੀਬੀਆਈ ਰਾਹੀਂ ਮਾਮਲਾ ਦਰਜ ਕਰਨ ਅਤੇ ਜਾਂਚ ਉਪੰ੍ਰਤ ਇਹ ਕੇਸ ਵੀ ਆਖ਼ਰੀ ਪੜਾਅ 'ਤੇ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਕਤੂਬਰ ਨੂੰ ਹੈ।
ਲਾਇਅਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਜਥੇਬੰਦੀ ਦੇ ਚੇਅਰਮੈਨ ਅਤੇ ਵਕੀਲ ਨਵਕਿਰਨ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਫ਼ਤਿਹਬਾਫ ਤੋਂ ਟੋਹਾਣਾ ਨਿਵਾਸੀ ਹੰਸ ਰਾਜ ਚੌਹਾਨ ਰਾਹੀਂ ਜੁਲਾਈ 2012 ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਅਤੇ ਦੋ ਸਾਲ ਬਾਅਦ ਹਾਈ ਕੋਰਟ ਦੇ ਜੱਜ ਜਸਟਿਸ ਕਾਨਨ ਨੇ ਬਹਾਦਰੀ ਵਿਖਾਉਂਦੇ ਹੋਏ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਅਤੇ ਤਿੰਨ ਸਾਲ ਲਗਾਤਾਰ ਜਾਂਚ ਉਪ੍ਰੰਤ ਇਹ ਕੇਸ ਆਖ਼ਰੀ ਪੜਾਅ ਵਿਚ ਪੁੱਜ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਦਾ ਕਹਿਣਾ ਹੈ ਕਿ ਸੌਦਾ ਸਾਧ ਦਾ ਸਿਆਸੀ ਲੀਡਰਾਂ, ਸਮਾਜ ਦੇ ਵੱਖ-ਵੱਖ ਅਦਾਰਿਆਂ ਅਤੇ ਹਰ ਸਿਆਸੀ ਪਾਰਟੀਆਂ ਵਿਚ ਇੰਨਾ ਦਬਦਬਾ ਹੈ ਕਿ ਇਸ ਨਿਪੁੰਸਕ ਕਰਨ ਵਾਲੇ ਮਾਮਲੇ ਵਿਚ ਵੀ ਚਾਰ ਜੱਜਾ ਨੇ ਤਿੰਨ ਸਾਲ ਕੇਸ ਨੂੰ ਐਵੇਂ ਹੀ ਲਟਕਾਈ ਰਖਿਆ ਕਿਉਂਕਿ ਜੱਜਾਂ 'ਤੇ ਵੀ ਮੰਤਰੀਆਂ, ਮੁੱਖ ਮੰਤਰੀਆਂ ਦਾ ਪ੍ਰਭਾਵ ਅਤੇ ਸਿਫ਼ਾਰਸ਼ ਸੀ।
ਹਾਈ ਕੋਰਟ ਇਸ ਕੇਸ ਵਿਚ ਹਰ ਦੋ ਮਹੀਨੇ ਬਾਅਦ ਜਾਂਚ ਰੀਪੋਰਟ ਸੀਬੀਆਈ ਤੋਂ ਮੰਗਦੀ ਹੈ। ਪਟੀਸ਼ਨਰ ਹੰਸ ਰਾਜ ਚੌਹਾਨ ਤੇ ਐਡਵੋਕੇਟ ਨਵਕਿਰਨ ਦਾ ਕਹਿਣਾ ਹੈ ਕਿ ਬਲਾਤਕਾਰੀ ਬਾਬਾ ਪੈਸੇ ਤੇ ਸਿਆਸੀ ਪਹੁੰਚ ਦੇ ਜ਼ੋਰ ਨਾਲ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀ ਅਤੇ ਕੁਆਰੀਆਂ ਸਾਧਵੀਆਂ ਨੂੰ ਗੁਪਤ ਗੁਫ਼ਾ ਵਿਚ ਅਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਅਤੇ ਦਰਵਾਜ਼ਿਆਂ ਤੇ ਨਿਪੁੰਸਕ ਅਤੇ ਖੱਸੀ ਕੀਤੇ ਸਾਧੂ ਮਰਦ ਬਤੌਰ ਗਾਰਡ ਤੈਨਾਤ ਕਰਦਾ ਸੀ। ਇਨ੍ਹਾਂ ਨਿਪੁੰਸਕ ਪ੍ਰੇਮੀਆਂ ਤੇ ਖੱਸੀ ਚੇਲਿਆਂ ਤੋਂ ਹਿੰਸਕ ਕਾਰਵਾਈਆਂ, ਕਤਲ ਅਤੇ ਕਈ ਤਰ੍ਹਾਂ ਦੇ ਗ਼ੈਰ ਕਾਨੂੰਨੀ ਗੁੰਡਾਗਰਦੀ ਦੇ ਕੰਮ ਕਰਵਾਉਂਦਾ ਸੀ। ਕੁਆਰੀਆਂ ਸਾਧਵੀਆਂ ਦੇ ਬਾਅਦ ਵਿਚ ਵਿਆਹ ਵੀ ਕਰਵਾ ਦਿੰਦਾ ਸੀ ਜਿਨ੍ਹਾਂ ਵਿਚੋਂ ਇਕ ਹਨੀਪ੍ਰੀਤ ਵੀ ਹੈ ਜਿਸ ਦੇ ਪਤੀ ਨੇ ਸੌਦਾ ਸਾਧ ਵਿਰੁਧ ਐਲਾਨੀਆਂ ਸ਼ਿਕਾਇਤਾਂ 'ਤੇ ਬਿਆਨ ਵੀ ਦਿਤੇ ਸਨ।
ਸਾਲ 2012 ਦੀ ਪਟੀਸ਼ਨ ਸੀ.ਡਬਲਯੂ.ਸੀ. ਨੰਬਰ 13395 ਵਿਚ ਐਡਵੋਕੇਟ ਨਵਕਿਰਨ ਨੇ 465 ਖੱਸੀ ਕੀਤੇ ਪ੍ਰੇਮੀਆਂ ਦਾ ਹੰਸ ਰਾਜ ਚੌਹਾਨ ਸਮੇਤ ਵੇਰਵਾ ਦਿਤਾ ਸੀ ਪਰ ਉਨ੍ਹਾਂ ਦਸਿਆ ਕਿ ਸੀਬੀਆਈ ਨੇ ਜਾਂਚ ਰੀਪੋਰਟ 166 ਦੀ ਫ਼ਾਈਲ ਕੀਤੀ ਹੈ। ਪਿਛਲੇ ਕਈ ਸਾਲਾਂ ਤੋਂ ਡੇਰਾਵਾਦ ਵਿਰੁਧ ਕਾਨੂੰਨੀ ਲੜਾਈ ਲੜਦੇ ਇਸ ਐਡਵੋਕੇਟ ਦਾ ਕਹਿਣਾ ਹੈ ਕਿ ਸੌਦਾ ਸਾਧ ਵਿਰੁਧ ਪੰਜ ਤੋਂ ਵਧ ਕੇਸ ਇਸ ਕਰ ਕੇ ਵੀ ਲਟਕ ਜਾਂਦੇ ਸਨ ਕਿਉਂਕਿ ਅਪਣੇ ਗੁੰਡਿਆਂ ਰਾਹੀਂ ਬਾਬਾ ਕਈ ਗਵਾਹਾਂ ਨੂੰ ਮਰਵਾ ਚੁੱਕਾ ਹੈ, ਤਿੰਨ ਸਾਧੂਆਂ ਨੂੰ ਗੁਮ ਕਰਵਾ ਚੁੱਕਾ ਹੈ ਅਤੇ ਇਕ ਖੱਸੀ ਪ੍ਰੇਮੀ ਅਮਰੀਕਾ ਪਹੁੰਚਾਇਆ ਹੋਇਆ ਹੈ ਜਿਸ ਨੇ ਈਮੇਲ ਕਰ ਕੇ ਸੀਬੀਆਈ ਨੂੰ ਅਪਣੇ ਬਿਆਨ ਦਰਜ ਕਰਵਾਏ ਹਨ। ਜਿਵੇਂ ਸਾਧਵੀਆਂ ਨੂੰ ਵਰਤਣ ਲਈ ਬਾਬਾ ਉਨ੍ਹਾਂ ਨੂੰ ਰੱਬ ਦੇ ਦਰਸ਼ਨ ਜਾਂ ਮੇਲ ਕਰਾਉਣ ਦਾ ਝਾਂਸਾ ਦਿੰਦਾ ਹੈ, ਉਵੇਂ ਹੀ ਪਤਾਲੂ ਕਢਾਉਣ ਵਾਲੇ ਮਰਦ ਪ੍ਰੇਮੀਆਂ ਨੂੰ ਇਹ ਗਿਆਨ ਦਿਤਾ ਜਾਂਦਾ ਹੈ ਕਿ 'ਮੇਰੇ ਨਾਲ ਵਫ਼ਾਦਾਰੀ ਨਿਭਾਉਣ ਨਾਲ ਭਵਿੱਖ ਵਿਚ ਮੁਕਤੀ ਮਿਲੇਗੀ।'
ਐਡਵੋਕੇਟ ਨਵਕਿਰਨ ਨੇ ਦਸਿਆ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 20 ਮਈ 2007 ਨੂੰ ਸਵਾਂਗ ਰਚਣ ਵਾਲੇ ਸੌਦਾ ਸਾਧ ਵਿਰੁਧ ਵੀ ਪਰਚਾ ਦਰਜ ਕੀਤਾ ਸੀ ਪਰ ਪਟੀਸ਼ਨਰ ਰਾਜਿੰਦਰ ਸਿੰਘ ਮੁਕਰ ਗਿਆ ਅਤੇ ਚਾਰ ਸਾਲ ਅਦਾਲਤਾਂ ਵਿਚ ਧੱਕੇ ਖਾਣ ਉਪ੍ਰੰਤ ਸਿੱਖ ਕੌਮ ਰਾਹੀਂ ਜਸਪਾਲ ਸਿੰਘ ਮੰਝਪੁਰ ਦਾ ਕੇਸ ਵੀ ਹੁਣ ਹਾਈ ਕੋਰਟ ਵਿਚ ਹੈ, ਜਿਸ ਦੀ ਤਰੀਕ 17 ਅਗੱਸਤ ਸੀ। ਅਗਲੀ ਸੁਣਵਾਈ 'ਤੇ ਜੱਜ ਦਾ ਨਾਂਅ ਛੇਤੀ ਹੀ ਚੀਫ਼ ਜਸਟਿਸ ਦਸਣਗੇ। ਬਾਬੇ ਦੇ ਕੁਕਰਮਾਂ ਤੇ ਬਦਨੀਤੀਆਂ ਬਾਰੇ ਮਾਝਾ ਐਕਸ-ਸਰਵਿਸਮੈਨ ਲੀਗ ਤੇ ਹਿਊਮਨ ਰਾਈਟਸ ਫ਼ਰੰਟ ਦੇ ਚੇਅਰਮੈਨ ਸੇਵਾਮੁਕਤ ਕਰਨਲ ਜੀਐਸ ਸੰਧੂ ਜਿਨ੍ਹਾਂ ਬਾਬਿਆਂ, ਡੇਰੇ ਵਾਲਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁਧ ਪਿਛਲੇ 10 ਸਾਲਾਂ ਤੋਂ ਝੰਡਾ ਚੁਕਿਆ ਹੈ, ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸੌਦਾ ਸਾਧ ਨੂੰ ਸਜ਼ਾ ਉਪ੍ਰੰਤ ਹੁਣ ਹੋਰ ਪੀੜਤ ਕੁੜੀਆਂ, ਔਰਤਾਂ ਤੇ ਵਿਅਕਤੀ ਸਾਹਮਣੇ ਆਉਣਗੇ।
ਕਰਨਲ ਸੰਧੂ ਨੇ ਕਿਹਾ ਕਿ ਮਾਨ ਸਿੰਘ ਪਿਹੋਵਾ, ਦਿਲਜੀਤ ਸਿੰਘ ਸ਼ਿਕਾਗੋ ਅਤੇ ਹੋਰ ਡੇਰਿਆਂ ਦੇ ਬਾਬੇ ਤੇ ਸਾਧ, ਸਿੱਖੀ ਦਾ ਕੂੜ ਪ੍ਰਚਾਰ ਕਰਦੇ ਹਨ ਤੇ ਮਾਸੂਮ ਬੱਚਿਆਂ ਤੇ ਔਰਤਾਂ ਨੂੰ ਪੁੱਠੇ ਪਾਸੇ ਲਾਉਂਦੇ ਹਨ। ਉਨ੍ਹਾਂ ਸਿਆਸੀ ਪਾਰਟੀਆਂ, ਲੀਡਰਾਂ ਤੇ ਮੁੱਖ ਮੰਤਰੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਾਰੇ ਸਿਆਸੀ ਨੇਤਾ, ਬਾਬਿਆਂ ਨੂੰ ਵੋਟਾਂ ਲਈ ਪੂਜਦੇ ਹਨ। ਉਨ੍ਹਾਂ ਦਸਿਆ ਕਿ ਸੌਦਾ ਸਾਧ ਦਾ ਸਤਾਇਆ ਇਕ ਵਿਅਕਤੀ ਹੰਸ ਰਾਜ ਚੌਹਾਨ ਰਾਹੀਂ ਮੇਰੇ ਕੋਲ ਵਿਥਿਆ ਸੁਣਾਉਣ ਆਇਆ ਸੀ। ਮੈਂ ਉਸ ਨੂੰ ਐਡਵੋਕੇਟ ਨਵਕਿਰਨ ਕੋਲ ਲੈ ਗਿਆ ਜਿਥੋਂ ਖੱਸੀ ਕਰਨ ਦੀ ਸਾਰੀ ਕਹਾਣੀ ਸਾਹਮਣੇ ਆਈ। ਇਸ ਪਟੀਸ਼ਨ ਵਿਚ ਅਦਾਲਤ ਨੇ ਧਾਰਾ 120ਬੀ, 326, 417 ਅਤੇ 506 ਲਾਈ ਹੋਈ ਹੈ। ਸੰਧੂ ਨੇ ਕਿਹਾ ਕਿ ਹੁਣ ਦਾਗੀ ਪੁਲਿਸ ਦਾ ਵੀ ਪਰਦਾਫਾਸ਼ ਹੋ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ 'ਤੇ ਵੀ ਬਾਬੇ ਦਾ ਕੰਟਰੋਲ ਤੇ ਪ੍ਰਭਾਵ ਖ਼ਤਮ ਹੋਣ ਉਪ੍ਰੰਤ ਬਾਬੇ ਦਾ ਸ਼ਿਕੰਜਾ ਹੋਰ ਕੱਸਿਆ ਜਾਵੇਗਾ।