ਅੰਮ੍ਰਿਤਸਰ,
27 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸ੍ਰੀ ਗੁਰੂ
ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ
ਕਮਿਸ਼ਨ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਬੰਧ ਵਿਚ ਅਕਾਲ ਤਖ਼ਤ ਦਾ
ਰੀਕਾਰਡ 9 ਅਕਤੂਬਰ ਨੂੰ ਤਲਬ ਕੀਤਾ ਗਿਆ ਹੈ ਜਦਕਿ ਜਥੇਦਾਰ ਅਕਾਲ ਤਖ਼ਤ ਨੇ ਰੀਕਾਰਡ ਦੇਣ
ਤੋਂ ਇਨਕਾਰ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਕੋਈ ਮੁਆਫ਼ੀ ਨਹੀਂ ਦਿਤੀ ਅਤੇ ਨਾ ਹੀ
ਅਜਿਹਾ ਕੋਈ ਰੀਕਾਰਡ ਅਕਾਲ ਤਖ਼ਤ ਕੋਲ ਮੌਜੂਦ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿਤਾ ਕਿ ਉਨ੍ਹਾਂ ਨੇ ਸੌਦਾ ਸਾਧ ਨੂੰ ਕੋਈ
ਮੁਆਫ਼ੀ ਦਿਤੀ ਹੈ। ਅਕਾਲ ਤਖ਼ਤ ਕੋਲ ਸਿਰਸੇ ਵਾਲੇ ਮਾਮਲੇ ਵਿਚ ਕੋਈ ਰੀਕਾਰਡ ਨਹੀਂ ਹੈ ਅਤੇ
ਇਸ ਸਬੰਧੀ ਇਕ ਚਿੱਠੀ ਜ਼ਰੂਰ ਆਈ ਸੀ ਅਤੇ ਅਜਿਹੀਆਂ ਚਿੱਠੀਆਂ ਤਾਂ ਆਉਂਦੀਆਂ ਜਾਂਦੀਆਂ ਹੀ
ਰਹਿੰਦੀਆਂ ਹਨ ਅਤੇ ਇਨ੍ਹਾਂ ਦਾ ਰੀਕਾਰਡ ਨਹੀਂ ਰਖਿਆ ਜਾਂਦਾ। ਅਕਾਲ ਤਖ਼ਤ ਵਿਚ ਸਿਰਫ਼ ਉਹ
ਹੀ ਰੀਕਾਰਡ ਰਹਿੰਦਾ ਹੈ ਜੋ ਸ਼੍ਰੋਮਣੀ ਕਮੇਟੀ ਜਾਂ ਫਿਰ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਤ
ਹੁੰਦਾ ਹੈ।
ਜਸਟਿਸ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ
ਬਡੂੰਗਰ ਨੂੰ ਸਬੰਧਤ ਰੀਕਾਰਡ ਸਹਿਤ 9 ਅਕਤੂਬਰ ਨੂੰ ਚੰਡੀਗੜ੍ਹ ਸਦਿਆ ਹੈ। ਅਜਿਹਾ ਪਹਿਲੀ
ਵਾਰ ਹੋ ਰਿਹਾ ਹੈ ਕਿ ਅਕਾਲ ਤਖ਼ਤ ਦਾ ਰੀਕਾਰਡ ਕਿਸੇ ਅਦਾਲਤ ਜਾਂ ਕਿਸੇ ਜਾਂਚ ਕਮਿਸ਼ਨ ਨੇ
ਮੰਗਵਾਇਆ ਹੋਵੇ। ਇਸ ਸਬੰਧ ਵਿਚ ਬਡੂੰਗਰ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ
ਗੱਲ ਕਰਨ ਦੀ ਬਜਾਏ ਅਪਣਾ ਫ਼ੋਨ ਬੰਦ ਕਰ ਦਿਤਾ।
24 ਸਬੰਬਰ 2015 ਨੂੰ ਅਕਾਲ ਤਖ਼ਤ 'ਤੇ
ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਸੌਦਾ
ਸਾਧ ਨੂੰ ਇਕ ਚਿੱਠੀ ਦੇ ਆਧਾਰ 'ਤੇ ਮੁਆਫ਼ ਕਰ ਦਿਤਾ ਗਿਆ ਸੀ ਅਤੇ ਇਸ ਸਬੰਧੀ ਵਿਚ ਉਸ
ਸਮੇਂ ਦੀਆਂ ਮੀਡੀਆ ਨੂੰ ਦਿਤੇ ਬਿਆਨ 'ਤੇ ਇਲੈਕਟਰਾਨਿਕ ਮੀਡੀਆ ਨੂੰ ਦਿਤੀਆਂ ਬਾਈਟਸ ਵੀ
ਮੀਡੀਆ ਕੋਲ ਮੌਜੂਦ ਹਨ ਜਿਨ੍ਹਾਂ ਵਿਚ ਜਥੇਦਾਰ ਨੇ ਸੌਦਾ ਸਾਧ ਦੀ ਆਈ ਚਿੱਠੀ ਦੀ ਕਾਪੀ ਵੀ
ਮੀਡੀਆ ਨੂੰ ਵਿਖਾਈ।
ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖ ਪੰਥ ਦੀ ਸੱਭ ਅਹਿਮ ਸੀਟ
'ਤੇ ਬੈਠ ਕੇ ਜੇ ਝੂਠ ਬੋਲਿਆ ਜਾਂਦਾ ਹੈ ਤਾਂ ਫਿਰ ਬਾਬੇ ਨਾਨਕ ਦਾ ਸੱਚ ਦਾ ਸੰਦੇਸ਼ ਵਾਕਿਆ
ਹੀ ਸੌਦਾ ਸਾਧ ਦੇ ਡੇਰੇ ਵਿਚੋਂ ਹੀ ਮਿਲ ਸਕਦਾ। ਜਥੇਦਾਰ ਵਲੋਂ ਝੂਠ ਬੋਲਣ ਨਾਲ ਸੰਗਤ
ਭੰਬਲਭੂਸੇ ਵਿਚ ਜ਼ਰੂਰ ਪੈ ਜਾਣਗੀਆਂ ਕਿ ਸੌਦਾ ਸਾਧ ਵੀ ਝੂਠਾ, ਜਥੇਦਾਰ ਅਕਾਲ ਤਖ਼ਤ ਵੀ ਝੂਠ
ਬੋਲ ਕੇ ਸਿਰਫ਼ ਬਾਦਲਾਂ ਨੂੰ ਬਚਾ ਰਿਹਾ ਹੈ ਤਾਂ ਫਿਰ ਸੱਚ ਸੰਗਤ ਲੱਭਣ ਲਈ ਕਿਥੇ ਜਾਣ।
ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਇਨਸਾਫ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ
ਕਿਹਾ ਕਿ ਗਿਆਨੀ ਗੁਰਬਚਨ ਸਿੰਘ ਕੋਈ ਜਥੇਦਾਰ ਨਹੀਂ, ਸਗੋ ਬਾਦਲ ਦਾ ਕਾਰਿੰਦਾ ਤੇ ਹੱਥ
ਠੋਕਾ ਹੈ, ਇਸ ਲਈ ਉਹ ਤਾਂ ਅਪਣੀ ਕੁਰਸੀ ਬਚਾਉਣ ਲਈ ਜਸਟਿਸ ਰਣਜੀਤ ਸਿੰਘ ਨੂੰ ਰੀਕਾਰਡ
ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰੀਕਾਰਡ ਮੌਜੂਦ ਹੈ ਤੇ ਉਹ ਜਸਟਿਸ ਸਾਹਿਬ
ਨੂੰ ਅਪਣੇ ਪੱਧਰ 'ਤੇ ਸੌਂਪਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਸ ਬਾਬੇ ਨਾਨਕ ਦੇ
ਨਾਂਅ 'ਤੇ ਗੁਰਬਚਨ ਸਿੰਘ ਵਰਗੇ ਰੋਟੀਆਂ ਲਈ ਸਾਰੇ ਤਾਲ ਦੀ ਧਾਰਨਾ ਅਪਣਾਅ ਰਹੇ ਹਨ, ਉਹ
ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ਕਿਉਂਕਿ ਬਾਬੇ ਨਾਨਕ ਨੇ ਸੰਗਤ ਨੂੰ ਸੱਚ ਦਾ
ਉਪਦੇਸ਼ ਦਿਤਾ ਸੀ। ਉਹ ਕੌਡੇ ਰਾਖਸ਼ ਕੋਲ ਵੀ ਗਏ, ਵਲੀ ਕੰਧਾਰੀ ਕੋਲ ਵੀ ਗਏ ਸੱਜਣ ਠੱਗ ਕੋਲ
ਵੀ ਗਏ ਪਰ ਉਨ੍ਹਾਂ ਸੱਚ ਦਾ ਪੱਲਾ ਨਹੀਂ ਛਡਿਆ ਪਰ ਝੂਠ ਕੁਫ਼ਰ ਤੋਲ ਤੇ ਸੱਤਾ ਹਾਸਲ ਕਰਨ
ਵਾਲੇ ਬਾਦਲਾਂ ਦੇ ਕਰਿੰਦੇ ਨੇ ਸੱਚ ਬੋਲ ਕੇ ਕੀ ਲੈਣਾ ਹੈ, ਉਹ ਤਾਂ ਉਹੀ ਮੁਹਾਰਨੀ
ਪੜ੍ਹੇਗਾ ਜਿਹੜੀ ਬਾਦਲ ਉਸ ਨੂੰ ਪੜ੍ਹਾਉਣਗੇ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗਿਆਨੀ
ਗੁਰਬਚਨ ਸਿੰਘ ਕੋਲੋਂ ਵੀ ਇਨਸਾਫ਼ ਦੀ ਆਸ ਨਹੀਂ ਰਖਣੀ ਚਾਹੀਦੀ ਕਿਉਂਕਿ ਜਿਸ ਸੌਦਾ ਸਾਧ
ਨੂੰ ਉਹਨਾਂ ਨੇ ਮੁਆਫ਼ ਕੀਤਾ ਉਸ ਸਾਧ ਨੂੰ ਅਦਾਲਤ ਨੇ 20 ਸਾਲਾਂ ਲਈ ਜੇਲ ਵਿਚ ਸੁੱਟ
ਦਿੱਤਾ। ਉਨ੍ਹਾਂ ਕਿਹਾ ਕਿ ਜੇ ਸੌਦਾ ਸਾਧ ਨੂੰ ਮੁਆਫ਼ੀ ਦਿਤੀ ਨਹੀਂ ਗਈ ਤਾਂ ਫਿਰ 16
ਅਕਤੂਬਰ ਵਾਲੇ ਦਿਨ ਵਾਪਸ ਕੀ ਲਿਆ ਗਿਆ ਸੀ ਜਿਸ ਦਾ ਰੀਕਾਰਡ ਵੀ ਵੱਖ-ਵੱਖ ਟੀਵੀ ਚੈਨਲਾਂ
ਕੋਲ ਮੌਜੂਦ ਹੈ। ਜਿਥੇ ਗਿਆਨੀ ਗੁਰਬਚਨ ਸਿੰਘ ਵਰਗੇ ਝੂਠ ਦਾ ਸਹਾਰਾ ਲੈਣ ਵਾਲੇ ਅਪਣੇ ਆਪ
ਨੂੰ ਜਥੇਦਾਰ ਅਖਵਾਉਣਗੇ, ਉਸ ਕੌਮ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ ਹੈ, ਸੱਭ ਕੁੱਝ ਘਰ
ਵਿਚ ਹੀ ਮੌਜੂਦ ਹੈ।