ਸੌਦਾ ਸਾਧ ਵਲੋਂ ਦਸਮ ਪਾਤਸ਼ਾਹ ਦਾ ਸਵਾਂਗ ਰਚਣ ਦਾ ਮਾਮਲਾ 13 ਅਕਤੂਬਰ ਨੂੰ ਹੋਵੇਗੀ ਅੰਤਮ ਬਹਿਸ

ਪੰਥਕ, ਪੰਥਕ/ਗੁਰਬਾਣੀ


ਚੰਡੀਗੜ੍ਹ, 8 ਸਤੰਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਮਾਮਲੇ ਵਿਚ ਸਜ਼ਾ ਯਾਫ਼ਤਾ ਸੌਦਾ ਸਾਧ ਦੁਆਲੇ ਅਦਾਲਤੀ ਸ਼ਿਕੰਜਾ ਲਗਾਤਾਰ ਕਸਦਾ ਜਾ ਰਿਹਾ ਹੈ। ਸਾਧ ਵਲੋਂ ਸਾਲ 2007 ਵਿਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਕੇਸ ਹਾਈ ਕੋਰਟ ਚ ਮੁੜ ਸੁਣਵਾਈ ਹਿੱਤ ਆ ਗਿਆ ਹੈ। ਹਾਈ ਕੋਰਟ ਨੇ ਇਸ ਕੇਸ ਦੀ ਸੁਣਵਾਈ ਅੱਗੇ ਤੋਰਦੇ ਹੋਏ ਅੱਜ ਇਸ ਨੂੰ 13 ਅਕਤੂਬਰ ਲਈ ਅੰਤਮ ਬਹਿਸ ਹਿੱਤ ਸੁਣਵਾਈ ਲਈ ਤੈਅ ਕੀਤਾ ਹੈ।

ਦਸਣਯੋਗ ਹੈ ਕਿ ਕੋਤਵਾਲੀ ਬਠਿੰਡਾ ਵਿਚ 20 ਮਾਰਚ 2007 ਨੂੰ ਸੌਦਾ ਸਾਧ ਵਿਰੁਧ ਦਾਇਰ ਹੋਈ ਐਫ਼.ਆਈ.ਆਰ. ਨੰਬਰ 262 ਵਿਚ ਭਾਰਤੀ ਦੰਡਾਵਲੀ ਦੀ ਧਾਰਾ 295-ਏ (ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ), 298 (ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ) ਸਣੇ 153-ਏ ਵੀ ਸ਼ਾਮਲ ਹੈ। ਬਠਿੰਡਾ ਪੁਲਿਸ ਨੇ 27 ਜਨਵਰੀ 2012 ਨੂੰ ਅਦਾਲਤ ਵਿਚ ਪੇਸ਼ ਕੀਤੀ ਅਪਣੀ ਰੀਪੋਰਟ ਵਿਚ ਕਿਹਾ ਸੀ ਕਿ ਜਾਂਚ ਪੜਤਾਲ ਦੌਰਾਨ ਉਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਵਿਚ ਅਪਰਾਧ ਸਾਬਤ ਹੁੰਦਾ ਹੋਵੇ। ਪੁਲਿਸ ਨੇ ਅਦਾਲਤ ਨੂੰ ਇਹ ਕੇਸ ਖ਼ਤਮ ਕਰਨ ਦੀ ਬੇਨਤੀ ਕੀਤੀ ਸੀ। ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਅਗੱਸਤ 2014 ਵਿਚ ਸੌਧਾ ਸਾਧ ਵਿਰੁਧ ਇਸ ਕੇਸ ਨੂੰ ਇਸ ਆਧਾਰ 'ਤੇ ਰੱਦ ਕਰ ਦਿਤਾ ਸੀ ਕਿ ਪੁਲਿਸ ਲਾਗੂ ਕਾਨੂੰਨ ਮੁਤਾਬਕ ਤਿੰਨ ਸਾਲ ਦੇ ਅੰਦਰ-ਅੰਦਰ ਇਸ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ।

ਇਸ ਤੋਂ ਪਹਿਲਾਂ ਸਾਲ 2015 ਵਿਚ ਅੱਜ ਵਾਲੀ ਤਰੀਕ 'ਤੇ ਹੀ ਹਾਈ ਕੋਰਟ ਨੇ ਸੌਦਾ ਸਾਧ ਵਲੋਂ  ਸਵਾਂਗ ਰਚਾਉਣ ਵਾਲੇ ਮਾਮਲੇ ਵਿਚ ਉਸ ਦੇ ਜਵਾਬ ਦੀ ਉਡੀਕ ਨਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਸੀ। 5 ਫ਼ਰਵਰੀ 2015 ਤੋਂ ਇਸ ਕੇਸ ਨੂੰ ਸੁਣਦੇ ਆ ਰਹੇ ਇਕਹਿਰੇ ਬੈਂਚ ਨੇ ਜਵਾਬ ਦੇਣ ਵਿਚ ਹੋ ਰਹੀ ਦੇਰੀ 'ਤੇ ਸੌਦਾ ਸਾਧ ਦੇ ਵਕੀਲਾਂ ਵਲੋਂ ਵਾਰ-ਵਾਰ ਕੀਤੀ ਜਾ ਰਹੀ ਹੋਰ ਸਮੇਂ ਦੀ ਮੰਗ ਪ੍ਰਤੀ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਦੋਂ ਇਹ ਕੇਸ ਅਗਲੀ ਤਰੀਕ 'ਤੇ ਸਿੱਧਾ ਬਹਿਸ ਲਈ ਹੀ ਤੈਅ ਕਰ ਦਿਤਾ ਸੀ ਪਰ ਅਗਲੀਆਂ ਸੁਣਵਾਈਆਂ ਦੌਰਾਨ ਕਿਸੇ ਨਾ ਕਿਸੇ ਕਾਰਨ ਇਸ ਕੇਸ ਤੇ ਕਾਰਵਾਈ ਅਗੇ ਨਾ ਤੁਰ ਸਕੀ। ਇਸ ਕੇਸ ਨੂੰ ਸੱਭ ਤੋਂ ਪਹਿਲਾਂ ਉਠਾਉਣ ਵਾਲੇ ਰਜਿੰਦਰ ਸਿੰਘ ਸਿੱਧੂ ਨੇ ਹੀ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਸੌਦਾ ਸਾਧ ਵਿਰੁਧ ਸਮੇਂ ਸਿਰ ਚਲਾਨ ਨਾ ਪੇਸ਼ ਕਰਨ ਦੇ ਦੋਸ਼: ਪਟੀਸ਼ਨਰ ਵਲੋਂ ਪੰਜਾਬ ਸਰਕਾਰ ਨੂੰ ਵੀ ਕੇਸ 'ਚ ਧਿਰ ਬਣਾਉਂਦਿਆਂ ਸਿੱਧੇ ਤੌਰ 'ਤੇ ਦੋਸ਼ ਲਾਏ ਹਨ ਕਿ ਅਕਾਲੀ ਦਲ ਵਲੋਂ ਸਾਲ 2014 ਦੀਆਂ ਆਮ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ਯਕੀਨੀ ਬਣਾਉਣ ਦੇ ਮੰਸ਼ੇ ਨਾਲ ਸੌਦਾ ਸਾਧ ਵਿਰੁਧ ਚਾਰ ਸਾਲਾਂ ਤਕ ਵੀ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ ਤੇ ਆਖ਼ਰ ਉਹ ਬਰੀ ਹੋ ਗਿਆ ?