ਮਾਲੇਰਕੋਟਲਾ,
8 ਸਤੰਬਰ (ਬਲਵਿੰਦਰ ਸਿੰਘ ਭੁੱਲਰ, ਇਸਮਾਇਲ ਏਸ਼ੀਆ): ਡੇਰਾ ਸਿਰਸਾ ਵਲੋਂ ਪਿਛਲੇ ਦੋ
ਦਹਾਕਿਆਂ ਦੌਰਾਨ ਅਪਣੇ ਪੁਰਾਣੇ ਅਤੇ ਨਵੇਂ ਡੇਰੇ ਦੇ ਆਲੇ ਦੁਆਲੇ ਪਈਆਂ ਜ਼ਮੀਨਾਂ ਨੂੰ
ਕਿਸਾਨਾਂ ਕੋਲੋਂ ਕੌਡੀਆਂ ਦੇ ਭਾਅ ਖ਼ਰੀਦਿਆ ਗਿਆ ਸੀ ਜਿਸ ਕਰ ਕੇ ਮਜਬੂਰੀ ਵਸ ਕਿਸਾਨਾਂ
ਨੂੰ ਪੁੱਤਰਾਂ ਵਰਗੀਆਂ ਅਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ ਸਨ ਜੋ ਹੁਣ ਕਿਸਾਨਾਂ ਨੂੰ ਵਾਪਸ
ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ
ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਉਹ ਡੇਰਾ ਸਿਰਸਾ ਵਲੋਂ ਲੋਕਾਂ ਅਤੇ ਕਿਸਾਨਾਂ ਨਾਲ ਕੀਤੀ
ਜਾ ਰਹੀ ਧੱਕੇਸ਼ਾਹੀ ਸਬੰਧੀ ਕਈ ਵਾਰ ਡੇਰੇ ਦੇ ਨੇੜੇ ਖੇਤੀ ਕਰਨ ਵਾਲੇ ਕਿਸਾਨਾਂ ਅਤੇ
ਪਰਵਾਰਾਂ ਨਾਲ ਮੁਲਾਕਾਤ ਕਰਦੇ ਰਹੇ ਹਨ ਜਿਹੜੇ ਡੇਰੇ ਦੇ ਪ੍ਰਬੰਧਕਾਂ ਦੀਆਂ ਧੱਕੇਸਾਹੀਆਂ
ਕਾਰਨ ਅਪਣੀ ਜ਼ਮੀਨ ਕੌਡੀਆਂ ਦਾ ਭਾਅ ਵੇਚ ਕੇ ਅਪਣਾ ਖਹਿੜਾ ਛੁਡਾ ਰਹੇ ਸਨ।
ਜ਼ਮੀਨ ਨਾ
ਦੇਣ 'ਤੇ ਗੁੰਡਾਗਰਦੀ ਕੀਤੀ ਜਾਂਦੀ ਸੀ ਜਾਂ ਫਿਰ ਹੋਰ ਢੰਗ ਨਾਲ ਮਜਬੂਰ ਕਰ ਕੇ ਜ਼ਮੀਨ ਦਾ
ਕਬਜ਼ਾ ਲੈ ਲਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਡੇਰੇ ਦੇ ਦੁਆਲੇ ਪਈਆਂ ਜ਼ਮੀਨਾਂ ਵਿਚ
ਕਿਸਾਨਾਂ ਵਲੋਂ ਕੀਤੀ ਜਾਂਦੀ ਫ਼ਸਲਾਂ ਦੀ ਕਾਸ਼ਤ ਮੌਕੇ ਡੇਰੇ ਗਏ ਸਰਧਾਲੂਆਂ ਨੂੰ ਸਵੇਰੇ
ਜੰਗਲ ਪਾਣੀ ਕਰਨ ਲਈ ਕਿਸਾਨਾਂ ਦੀਆਂ ਜ਼ਮੀਨਾਂ ਵਾਲੇ ਪਾਸੇ ਭੇਜ ਦਿਤਾ ਜਾਂਦਾ ਸੀ ਜਿਸ ਕਰ
ਕੇ ਸੈਕੜਿਆਂ ਦੀ ਗਿਣਤੀ 'ਚ ਲੋਕ ਕਿਸਾਨਾਂ ਵਲੋਂ ਕਾਸ਼ਤ ਕੀਤੀ ਜਾਂਦੀ ਨਰਮੇ-ਕਪਾਹ ਦੀ ਫ਼ਸਲ
ਦੇ ਨਾਲ ਹੋਰ ਮੌਸਮੀ ਫ਼ਸਲਾਂ ਵਿਚ ਜੰਗਲ ਪਾਣੀ ਦੇ ਢੇਰ ਲਾ ਦਿੰਦੇ ਸਨ ਅਤੇ ਕਿਸਾਨਾਂ ਨੂੰ
ਅਪਣੀ ਫ਼ਸਲ ਦੀ ਕਟਾਈ ਅਤੇ ਚੁਗਾਈ ਕਰਨੀ ਔਖੀ ਹੋ ਜਾਂਦੀ ਸੀ। ਦੂਜੇ ਪਾਸੇ ਉਹ ਲੋਕਾਂ ਦੇ
ਇਕੱਠ ਦਾ ਸਾਹਮਣਾ ਵੀ ਨਹੀਂ ਸੀ ਕਰ ਸਕਦੇ ਜਿਸ ਕਰ ਕੇ ਕਿਸਾਨਾਂ ਨੂੰ ਮਜਬੂਰੀ ਵਸ ਅਪਣੀਆਂ
ਜ਼ਮੀਨਾਂ ਕੌਡੀਆਂ ਦੇ ਭਾਅ ਡੇਰੇ ਨੂੰ ਵੇਚਣ ਵਾਸਤੇ ਮਜਬੂਰ ਹੋਣਾ ਪੈਂਦਾ ਸੀ। ਇਸ ਤਰ੍ਹਾਂ
ਕਿਸਾਨਾਂ ਕੋਲੋਂ ਪੁੱਤਰਾਂ ਵਰਗੀ ਜ਼ਮੀਨ ਨੂੰ ਖ਼ਰੀਦ ਕੇ ਉਨ੍ਹਾਂ ਦਾ ਉਜਾੜਾ ਕੀਤਾ ਗਿਆ ਹੈ
ਜਿਸ ਦੀ ਉਚ ਪਧਰੀ ਜਾਂਚ ਕਰਵਾ ਕੇ ਸਾਰੀ ਜ਼ਮੀਨ ਅਸਲ ਮਾਲਕਾਂ ਨੂੰ ਦਿਤੀ ਜਾਣੀ ਚਾਹੀਦੀ
ਹੈ। ਇਸੇ ਤਰ੍ਹਾਂ ਪੰਜਾਬ ਵਿਚ ਵੀ ਕਈ ਹੋਰ ਡੇਰੇ ਕਿਸਾਨਾਂ ਦੀਆ ਜ਼ਮੀਨਾਂ 'ਤੇ ਨਾਜਾਇਜ਼
ਕਬਜ਼ੇ ਕਰ ਰਹੇ ਹਨ।