ਗੁਰਮਤਿ ਸਿਧਾਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਫੈਲੇ ਡੇਰਾਵਾਦ ਦੀਆਂ ਜੜ੍ਹਾਂ ਹਿਲਾ ਸਕਦੇ ਹਾਂ : ਭਾਈ ਮਾਝੀ
ਸੰਗਰੂਰ,
30 ਅਗੱਸਤ (ਗੁਰਦਰਸ਼ਨ ਸਿੰਘ ਸਿੱਧੂ) : ਸੌਦਾ ਸਾਧ ਦੀਆਂ ਕਾਲੀਆਂ ਕਰਤੂਤਾਂ ਜੱਗ ਜ਼ਾਹਰ
ਹੋਣ ਤੋਂ ਬਾਅਦ ਸਿਰਸਾ ਡੇਰੇ ਨਾਲ ਸਬੰਧਤ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਨਵਾਂ ਡੇਰਾ
ਮੁਖੀ ਜਾਂ ਕਿਸੇ ਹੋਰ ਦੇਹਧਾਰੀ ਗੁਰੂ ਨੂੰ ਲੱਭਣ ਦੀ ਥਾਂ ਤੇ ਸ਼ਬਦ ਗੁਰੂ ਸ੍ਰੀ ਗੁਰੂ
ਗੰ੍ਰਥ ਸਾਹਿਬ ਨਾਲ ਜੁੜ ਕੇ ਅਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਰਾਜਨੀਤਕਾਂ ਦੀ ਸ਼ਹਿ
'ਤੇ ਦੁਨੀਆਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਕਰ ਕੇ ਅਪਣੇ ਵਪਾਰ ਅਤੇ ਅੱਯਾਸ਼ੀ ਦੇ ਅੱਡੇ
ਕਾਇਮ ਕਰਨ ਵਾਲਿਆਂ ਤੋਂ ਆਮ ਲੋਕਾਂ ਨੂੰ ਆਪ ਹੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ
ਉਨ੍ਹਾਂ ਨਾਲ ਕਿਸੇ ਕਿਸਮ ਦਾ ਸ਼ੋਸ਼ਣ ਨਾ ਹੋ ਸਕੇ।
ਹੁਣ ਪੰਜਾਬ ਦੇ ਮਾਲਵਾ ਇਲਾਕੇ ਦੀ
ਜੇਕਰ ਗੱਲ ਕਰੀਏ ਤਾਂ ਇਥੇ ਈਸਾਈ ਧਰਮ ਵੀ ਪੈਰ ਪਸਾਰਨ ਲੱਗਾ ਹੈ। ਸ਼ਹਿਰ ਵਿਚ ਅਤੇ ਆਲੇ
ਦੁਆਲੇ ਦੇ ਪਿੰਡਾਂ ਵਿਚ ਪਾਦਰੀ ਲੋਕਾਂ ਨੂੰ ਅਪਣੇ ਧਰਮ ਨਾਲ ਜੋੜਨ ਲਈ ਦਿਨ ਰਾਤ ਪ੍ਰਚਾਰ
ਕਰਨ ਵਿਚ ਲੱਗ ਗਏ ਹਨ। ਭਵਾਨੀਗੜ੍ਹ ਦੇ ਨੇੜਲੇ ਪਿੰਡ ਬਲਿਆਲ ਅਤੇ ਭੱਟੀਵਾਲ ਕਲਾਂ ਸਮੇਤ
ਅੱਜਕਲ ਇਨ੍ਹਾਂ ਦਾ ਪ੍ਰੋਗਰਾਮ ਚਲਦਾ ਹੀ ਰਹਿੰਦਾ ਹੈ। ਸਿਰਸਾ ਡੇਰੇ ਨਾਲ ਜੁੜਨ ਵਾਲਿਆਂ
ਵਿਚ ਬਹੁਤੀ ਸੰਗਤ ਵਿਚ ਆਮ ਪਰਵਾਰਾਂ ਨਾਲ ਸਬੰਧਤ ਹੈ, ਜਿਹੜੀ ਘਰੇਲੂ ਅਤੇ ਹੋਰ ਤਰ੍ਹਾਂ
ਦੀਆਂ ਤੰਗੀਆਂ ਕਾਰਨ ਹੌਲੀ-ਹੌਲੀ ਅਸਰ ਰਸੂਖ ਅਤੇ ਪੈਸੇ ਵਾ ਲੇ ਪ੍ਰੇਮੀਆਂ ਦੇ ਨੇੜੇ ਲੱਗਣ
ਤੋਂ ਬਾਅਦ ਡੇਰੇ ਨਾਲ ਜੁੜਦੀ ਗਈ।
ਗ਼ੈਰ ਭਰੋਸੇਯੋਗ ਸੂਤਰਾਂ ਤੋਂ ਸੁਣਨ ਵਿਚ ਗੱਲ ਆਈ
ਹੈ ਕਿ ਭਵਾਨੀਗੜ੍ਹ ਸ਼ਹਿਰ ਵਿਚ ਇਕ ਵਾਰ ਸਬਜ਼ੀ ਆਈ ਜੋ ਪ੍ਰੇਮੀਆਂ ਵਲੋਂ ਹੱਥੋ-ਹੱਥੀ
ਖ਼ਰੀਦੀ ਗਈ ਅਤੇ 4 ਵਿਅਕਤੀ ਸਬਜ਼ੀ ਖ਼ਰੀਦਣ ਵਾਸਤੇ ਹੋਰ ਆ ਗਏ ਜਦਕਿ ਸਬਜ਼ੀ ਵਿਕਣ ਤੋਂ ਬਾਅਦ
ਇਕ ਬੈਂਗਣ ਬਚਿਆ ਸੀ। ਡੇਰੇ ਦੀ ਸ਼ਰਧਾ ਵਿਚ ਅੰਨੇ ਹੋਏ ਸ਼ਰਧਾਲੂਆਂ ਵਲੋਂ ਬੈਂਗਣ ਦਾ ਮੁਲ
ਪਾਇਆ ਗਿਆ 20 ਹਜ਼ਾਰ ਜਿਸ ਨੂੰ ਕੱਟ ਕੇ 4 ਪੀਸ ਬਣਾਏ ਗਏ ਅਤੇ ਹਰ ਪ੍ਰੇਮੀ 5 ਹਜ਼ਾਰ ਵਿਚ
ਕੱਟਿਆ ਹੋਇਆ ਬੈਂਗਣ ਖ਼ਰੀਦ ਅਪਣੇ ਆਪ ਨੂੰ ਹੀ ਸੌਧਾ ਸਾਧ ਸਮਝ ਰਿਹਾ ਸੀ। ਇਲਾਕੇ ਵਿਚ
ਜਿਹੜੀ ਸਬਜ਼ੀ 5 ਜਾਂ 10 ਰੁਪਏ ਕਿਲੋ ਵਿਕਦੀ ਹੈ ਡੇਰੇ ਵਲੋਂ ਆਈ ਉਸੇ ਸਬਜ਼ੀ ਦਾ ਮੁਲ 50
ਤੋਂ 70 ਰੁਪਏ ਪਾਇਆ ਜਾਂਦਾ ਹੈ। ਸੰਗਤ ਨੂੰ ਹਿਪਨੋਟਾਈਜਮੈਂਟ ਕੀਤਾ ਜਾਂਦਾ ਹੈ ਕਿ ਇਸ
ਉਪਰ ਦੇਸੀ ਖਾਦ ਅਤੇ ਪਿਤਾ ਜੀ ਵਲੋਂ ਰੂਹਾਨੀ ਨੂਰ ਵਰਤਾਇਆ ਗਿਆ ਹੈ ਜਿਸ ਨੂੰ ਖਾਣ ਨਾਲ
ਹਰ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਘਰ ਕਲੇਸ਼ ਸਮੇਤ ਗ਼ਰੀਬੀ ਤੋਂ ਵੀ ਮੁਕਤੀ ਮਿਲੇਗੀ।
ਪਿੰਡਾਂ ਵਿਚ ਹੋਣ ਵਾਲੀ ਨਾਮ ਚਰਚਾ ਮੌਕੇ ਡੇਰੇ ਵਿਚ ਤਿਆਰ ਹੁੰਦਾ ਬਿਸਕੁਟ ਪ੍ਰਸਾਦ ਦੇ
ਰੂਪ ਵਿਚ ਵੰਡਣ ਦੀਆਂ ਸਖ਼ਤ ਹਦਾਇਤਾਂ ਸਨ। ਇਹ ਸਾਰਾ ਕੁੱਝ ਗੁਰਮੀਤ ਸਿੰਘ ਵਲੋਂ ਗੱਦੀ
ਸੰਭਾਲਣ ਤੋਂ ਬਾਅਦ ਹੀ ਹੋਇਆ। ਸ਼ਾਹ ਮਸਤਾਨਾ ਅਤੇ ਸ਼ਾਹ ਸਤਿਨਾਮ ਸਿੰਘ ਵੇਲੇ ਪਿੰਡਾਂ ਦੀ
ਸੰਗਤ ਵਿਚ ਅਪਣੀ ਮਰਜ਼ੀ ਨਾਲ ਬਦਾਣਾ ਅਤੇ ਚਾਹ ਪਿਆ ਕੇ ਹੀ ਸੰਗਤ ਦੀ ਸੇਵਾ ਚੱਲਦੀ ਸੀ।
ਇਸ
ਸਬੰਧੀ ਜਦੋਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨਾਲ ਸਪੋਕਸਮੈਨ ਵਲੋਂ
ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪ੍ਰਗਟਾਵਾ ਕੀਤਾ ਕਿ ਸਰਬੱਤ ਦੇ ਭਲੇ ਅਤੇ 'ਗ਼ਰੀਬ ਦਾ
ਮੂੰਹ ਗੁਰੂ ਕੀ ਗੋਲਕ' ਆਦਿ ਗੁਰਮਤਿ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਅਸੀਂ ਪੰਜਾਬ
ਦੀ ਧਰਤੀ ਤੇ ਫੈਲੇ ਡੇਰਾਵਾਦ ਦੀਆਂ ਜੜ੍ਹਾਂ ਹਿਲਾ ਸਕਦੇ ਹਾਂ। ਗੁਰਦੁਆਰਾ ਪ੍ਰਬੰਧ ਵਿਚ ਆ
ਰਹੀਆਂ ਕਮਜ਼ੋਰੀਆਂ ਕਾਰਨ ਵੀ ਸਾਡੇ ਬਹੁਤੇ ਭੈਣ-ਭਰਾ ਡੇਰਿਆਂ ਦਾ ਆਸਰਾ ਤੱਕਦੇ ਹਨ
ਜਿਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਾਨੂੰ ਅਪਣੇ ਗਿਰੀਵਾਨ ਅੰਦਰ ਵੇਖਣਾ ਚਾਹੀਦਾ ਹੈ।