ਸਿੱਕਮ ਗੁਰਦਵਾਰਿਆਂ ਦੇ ਮਸਲੇ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 5 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਕਮ ਗੁਰਦਵਾਰਿਆਂ 'ਤੇ ਸਥਾਨਕ ਸਰਕਾਰ ਵਲੋਂ ਗ਼ੈਰ-ਕਾਨੂੰਨੀ ਨਿਰਮਾਣ ਸਬੰਧੀ ਮਸਲੇ ਨੂੰ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰ ਰਹੀ ਹੈ। ਅੱਜ ਸਿੰਘ ਸਿੱਕਮ ਹਾਊਸ 'ਚ ਸੂਬੇ ਦੇ ਮੁੱਖ ਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਦੌਰਾਨ ਅਕਾਲੀ ਆਗੂਆਂ ਨੇ ਸਿੱਕਮ ਸਰਕਾਰ ਵਲੋਂ 1991 'ਚ ਧਾਰਮਕ ਸਥਾਨਾਂ ਬਾਰੇ ਕੱਢੇ ਗਏ ਨੋਟੀਫਿਕੇਸ਼ਨ ਦਾ ਵੀ ਚੇਤਾ ਕਰਾਇਆ। ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵਫ਼ਦ ਵਿਚ ਸ਼ਾਮਲ ਸਨ।
ਵਫ਼ਦ ਨੇ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਲਈ ਸੁਪਰੀਮ ਕੋਰਟ ਵਲੋਂ ਦਿਤੇ ਗਏ ਆਦੇਸ਼ ਦਾ ਵੀ ਹਵਾਲਾ ਦਿਤਾ।  ਜੀ.ਕੇ. ਨੇ ਗੁਰਦਵਾਰਾ ਡਾਂਗਮਾਰ ਸਾਹਿਬ ਵਿਖੇ ਤੁਰਤ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਮੰਗ ਕਰਦੇ ਹੋਏ ਗੁਰਦਵਾਰਾ ਚੁੰਗਥਾਂਗ ਸਾਹਿਬ ਵਿਰੁਧ ਪ੍ਰਸ਼ਾਸਨ ਵਲੋਂ ਐਲਾਨੀ ਗਈ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ।  ਸ. ਸਿਰਸਾ ਨੇ ਦਸਿਆ ਕਿ ਮੁੱਖ ਮੰਤਰੀ ਨੇ ਹਰ ਹਾਲਾਤ 'ਚ ਸੂਬੇ ਦੇ ਧਾਰਮਕ ਭਾਈਚਾਰੇ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿਤਾ।
ਸ. ਸਿਰਸਾ ਨੇ ਕਿਹਾ ਕਿ ਮਾਮਲੇ ਦੇ ਹੱਲ ਲਈ ਮੁੱਖ ਮੰਤਰੀ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਰਦੇ ਹੋਏ ਹਰ ਸੂਰਤ 'ਚ ਗੁਰਦਵਾਰੇ ਦੀ ਬਹਾਲੀ ਦਾ ਵਿਸ਼ਵਾਸ ਜਤਾਇਆ ਹੈ।