ਸਿੱਕਮ ਵਿਚਲੇ ਗੁਰਧਾਮਾਂ ਦੇ ਬਚਾਅ ਲਈ ਦਖ਼ਲ ਦੇਣ ਰਾਸ਼ਟਰਪਤੀ: ਸਿਰਸਾ

ਪੰਥਕ, ਪੰਥਕ/ਗੁਰਬਾਣੀ


ਨਵੀਂ ਦਿੱਲੀ, 9 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਿੱਕਮ ਵਿਚ ਸਥਿਤ ਗੁਰਧਾਮਾਂ ਨੂੰ ਬਚਾਉਣ ਲਈ ਦਖ਼ਲਅੰਦਾਜ਼ੀ ਕਰਨ ਕਿਉਂਕਿ ਸਥਾਨਕ ਅਧਿਕਾਰੀਆਂ ਦੀਆਂ ਕਾਰਵਾਈਆਂ ਕਾਰਨ ਇਨ੍ਹਾਂ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਗਿਆ ਹੈ।

ਸ. ਸਿਰਸਾ ਨੇ ਰਾਸ਼ਟਰਪਤੀ ਦੇ ਧਿਆਨ ਵਿਚ ਲਿਆਂਦਾ ਕਿ ਸਿੱਕਮ ਵਿਚ ਗੁਰਦਵਾਰਾ ਗੁਰੂ ਡਾਂਗਮਾਰ ਅਤੇ ਗੁਰਦਵਾਰਾ ਚੁੰਗਥਾਂਗ ਸਾਹਿਬ ਵੱਡੇ ਖ਼ਤਰੇ ਵਿਚ ਹਨ ਕਿਉਂਕਿ ਚੁੰਗਥਾਂਗ ਸਾਹਿਬ ਦੇ ਸਬ ਡਵੀਜ਼ਨਲ ਮੈਜਿਸਟਰੇਟ ਵਲੋਂ ਚੁੰਗਥਾਂਗ ਗੁਰਦਵਾਰਾ ਦੇ ਕਥਿਤ ਨਾਜਾਇਜ਼ ਕਬਜ਼ੇ ਦੀ ਜਾਂਚ ਵਾਸਤੇ 1 ਸਤੰਬਰ 2017 ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਵਾਦਤ ਹੈ ਤੇ ਇਸ ਵਲ ਤੁਰਤ ਧਿਆਨ ਦੇਣ ਦੀ ਜ਼ਰੂਰਤ ਹੈ। ਸ. ਸਿਰਸਾ ਨੇ ਰਾਸ਼ਟਰਪਤੀ ਨੂੰ ਦਸਿਆ ਕਿ ਪਹਿਲਾਂ ਗੁਰਦਵਾਰਾ ਗੁਰੂ ਡਾਂਗਮਾਰ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਹੋਰ ਪਵਿੱਤਰ ਗੁਟਕੇ ਤੇ ਸਮਾਨ ਸਿੱਕਮ ਸਰਕਾਰ ਦੇ ਪ੍ਰਸ਼ਾਸਨ ਤੇ ਸਰਬ ਧਰਮ ਸਥਲ ਦੀ ਅਗਵਾਈ ਹੇਠ ਸਥਾਨਕ ਲੋਕਾਂ ਵਲੋਂ ਗੁਰਦਵਾਰੇ 'ਚੋਂ ਬਾਹਰ ਕਰ ਦਿਤਾ ਗਿਆ ਸੀ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿਤੇ ਹਨ। ਉਨ੍ਹਾਂ ਰਾਸ਼ਟਰਪਤੀ ਨੂੰ ਦਸਿਆ ਕਿ ਦਿੱਲੀ ਗੁਰਦਵਾਰਾ ਕਮੇਟੀ ਨੇ ਇਸ ਮਾਮਲੇ 'ਤੇ ਤੁਰਤ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸਿਕੱਮ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖੇ। ਸਿਰਸਾ ਨੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ 4 ਨਵੰਬਰ 2017 ਨੂੰ ਹੋਣ ਵਾਲੇ ਸਮਾਗਮ ਲਈ ਵੀ ਸੱਦਾ ਦਿਤਾ।