ਸਿੱਖ ਗੁਰੂਆਂ ਸਦਕਾ ਹਿੰਦੂ ਤੇ ਹਿੰਦੁਸਤਾਨ ਦੀ ਹੋਂਦ ਕਾਇਮ : ਪ੍ਰੀਤੀ ਸਪਰੂ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਆਨੰਦਪੁਰ ਸਾਹਿਬ, 17 ਦਸੰਬਰ (ਸੁਖਵਿੰਦਰਪਾਲ ਸਿੰਘ ਸੁੱਖੂ): ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਹਾਦਤ ਸਦਕਾ ਹੀ ਅੱਜ ਹਿੰਦੂਆਂ ਅਤੇ ਹਿੰਦੁਸਤਾਨ ਦਾ ਵਜੂਦ ਕਾਇਮ ਹੈ। ਇਹੀ ਕਾਰਨ ਹੈ ਕਿ ਅਸੀਂ ਜੰਮੂ ਤੇ ਕਸ਼ਮੀਰ ਦੇ ਸਮੂਹ ਹਿੰਦੂਆਂ ਨੂੰ ਨਾਲ ਲੈ ਕੇ ਦਿੱਲੀ ਦੇ ਚਾਂਦਨੀ ਚੌਕ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਭੌਰਾ ਸਾਹਿਬ ਤਕ 6 ਜਨਵਰੀ ਨੂੰ ਸਨਮਾਨ ਯਾਤਰਾ ਲੈ ਕੇ ਆਵਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਪਹੁੰਚੇ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਨੇ ਕੀਤਾ।

ਅੱਜ ਇਥੇ ਪਹੁੰਚੀ ਪ੍ਰੀਤੀ ਸਪਰੂ ਨੇ ਕਿਹਾ ਕਿ ਕਸ਼ਮੀਰ ਦੇ ਪੰਡਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਅਪਣੀ ਰੱਖਿਆ ਕਰਨ ਲਈ ਆਏ ਸਨ ਜਿਸ ਤੋਂ ਬਾਅਦ ਬਾਲ ਅਵਸਥਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਹਿੰਦੂ ਧਰਮ ਦੀ ਰਖਿਆ ਲਈ ਸ਼ਹਾਦਤ ਦੇਣ ਲਈ ਕਿਹਾ ਜਿਸ ਤੋਂ ਬਾਅਦ ਉਨ੍ਹਾਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ ਸ਼ਹਾਦਤ ਦਿਤੀ। ਇਸ ਕਰ ਕੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਸਿੱਖ ਗੁਰੂਆਂ ਦੇ ਸਨਮਾਨ ਲਈ ਜੰਮੂ ਤੇ ਕਸ਼ਮੀਰ ਦੇ ਸਮੂਹ ਹਿੰਦੂਆਂ ਨੂੰ ਨਾਲ ਲੈ ਕੇ ਅਸੀਂ 6 ਜਨਵਰੀ ਨੂੰ ਸਨਮਾਨ ਯਾਤਰਾ ਲੈ ਕੇ ਦਿੱਲੀ ਤੋਂ ਰਵਾਨਾ ਹੋਵਾਂਗੇ ਅਤੇ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਭੌਰਾ ਸਾਹਿਬ ਵਿਖੇ ਪਹੁੰਚਾਂਗੇ। ਜਿਥੇ ਅਸੀਂ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਾਂਗੇ ਅਤੇ ਕੀਰਤਨ ਦਰਬਾਰ ਵਿਚ ਸ਼ਿਰਕਤ ਕਰਾਂਗੇ।

ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਮੈਂਬਰ ਪਰਮਜੀਤ ਸਿੰਘ ਚੰਡੋਕ ਨੇ ਕਿਹਾ ਕਿ ਇਸ ਦੌਰਾਨ ਕਿਹਾ ਕਿ ਦਿੱਲੀ ਤੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸ ਸਨਮਾਨ ਯਾਤਰਾ ਨੂੰ ਰਵਾਨਾ ਕਰੇਗੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਗਤ ਕਰੇਗੀ। ਇਥੇ ਪਹੁੰਚੇ ਮੈਨੇਜਰ ਰਣਜੀਤ ਸਿੰਘ ਨੇ ਕਿਹਾ ਕਿ ਇਸ ਯਾਤਰਾ ਲਈ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਹਿਯੋਗ ਦਿਤਾ ਜਾਵੇਗਾ।