ਸਿੱਖ ਜਥੇਬੰਦੀਆਂ ਨੇ ਕੀਤਾ ਕੁਲਦੀਪ ਨਈਅਰ ਵਿਰੁਧ ਪ੍ਰਦਰਸ਼ਨ

ਪੰਥਕ, ਪੰਥਕ/ਗੁਰਬਾਣੀ

ਹੁਸ਼ਿਆਰਪੁਰ 15 ਸਤੰਬਰ (ਨਛੱਤਰ ਸਿੰਘ): ਮਸ਼ਹੂਰ ਲੇਖਕ ਕੁਲਦੀਪ ਨਈਅਰ ਵਲੋਂ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰ  ਦੇ ਦੋਸ਼ੀ ਸੌਦਾ ਸਾਧ ਕਰਨ ਦਾ ਵਿਰੋਧ ਕਰਦਿਆਂ ਅੱਜ ਪੰਥਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਉਤੇ ਨਈਅਰ ਦੀ ਤਸਵੀਰ ਹੇਠਾਂ 'ਪੰਥ ਦੀ ਨਫ਼ਰਤ ਦਾ ਪਾਤਰ' ਲਿਖਿਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਨਈਅਰ ਨੂੰ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਕਹਿੰਦਿਆਂ ਐਲਾਨ ਕੀਤਾ ਕਿ ਜੇ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਨੂੰ ਪੰਜਾਬ ਵਿਚ ਕਿਸੇ ਵੀ ਜਨਤਕ ਪ੍ਰੋਗਰਾਮ ਜਾਂ ਸਮਗਾਮ ਵਿਚ ਬੋਲਣ ਨਹੀਂ ਦਿਤਾ ਜਾਵੇਗਾ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕੁਲਦੀਪ ਨਈਅਰ ਦੀ ਕਲਮ ਨੇ ਕੁਫ਼ਰ ਤੋਲਿਆ ਹੈ ਅਤੇ ਪੰਥ ਇਸ ਸ਼ਖ਼ਸ ਦੀ ਹਿਮਾਕਤ ਨੂੰ ਬਰਦਾਸ਼ਤ ਨਹੀਂ ਕਰੇਗਾ।
ਦਲ ਖਾਲਸਾ ਦੇ ਆਗੂ ਨੋਬਲਜੀਤ ਸਿੰਘ ਨੇ ਕਿਹਾ ਕਿ ਕੁਲਦੀਪ ਨਈਅਰ ਖ਼ਾਲਸਾ ਪੰਥ ਕੋਲੋਂ ਮੁਆਫ਼ੀ ਮੰਗੇ ਨਹੀਂ ਤਾਂ ਸਿੱਖ ਨੌਜਵਾਨ ਉਸ ਨੂੰ ਪੰਜਾਬ ਵਿਚ ਕਿਸੇ ਜਨਤਕ ਸਮਾਗਮ ਵਿਚ ਬੋਲਣ ਨਹੀਂ ਦੇਣਗੇ ਅਤੇ ਉਸ ਦਾ ਭਾਰੀ ਵਿਰੋਧ ਕੀਤਾ ਜਾਵੇਗਾ। ਮਾਰਚ ਦੌਰਾਨ ਅਕਾਲੀ ਦਲ ਮਾਨ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਕੁਲਦੀਪ ਨਈਅਰ ਵਰਗੇ ਲੇਖਕ ਬਹਿਰੂਪੀਏ ਹਨ ਜੋ ਉਦਾਰਵਾਦੀ ਹੋਣ ਦਾ ਚੋਲਾ ਪਾ ਕੇ ਘੱਟਗਿਣਤੀਆਂ ਦੇ ਹਕੀ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਲਈ ਅਪਣੀਆਂ ਲਿਖਤਾਂ ਰਾਹੀਂ ਕੂੜ-ਪ੍ਰਚਾਰ ਕਰਦੇ ਹਨ।