ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ: ਜਗੀਰ ਕੌਰ

ਪੰਥਕ, ਪੰਥਕ/ਗੁਰਬਾਣੀ

ਜਲੰਧਰ , 7 ਫ਼ਰਵਰੀ (ਅਮਰਿੰਦਰ ਸਿੱਧੂ): ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਅਤੇ ਉਸ ਦੇ ਸਹਿਯੋਗੀਆਂ ਨੂੰ ਸਖ਼ਤ ਸਜ਼ਾ ਦਿਤੀ ਜਾਵੇ। ਅੱਜ ਇਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਟਾਈਟਲਰ ਦੇ ਇਕਬਾਲੇ ਜੁਰਮ ਤੇ ਉਸ ਸਮੇਂ ਦਿਤੇ ਸਾਥ ਬਾਰੇ ਸਪੱਸ਼ਟ ਕਰਦਿਆਂ ਅਪਣਾ ਜੁਰਮ ਕਬੂਲਿਆ ਹੈ। ਇਸ ਸਬੰਧੀ ਬੀਤੇ ਦਿਨੀ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋਂ ਵੀ ਤੱਥਾਂ ਨੂੰ ਉਜਾਗਰ ਕਰਦੀ ਇਕ ਵੀਡੀਉ ਵੀ ਜਾਰੀ ਕੀਤੀ ਗਈ ਸੀ। ਇਸ ਵੀਡੀਉ ਵਿਚ ਵੀ  ਇਹ ਸਾਫ਼ ਵਿਖਾਈ ਦੇ ਰਿਹਾ ਹੈ ਕਿ ਟਾਈਟਲਰ ਅਪਣਾ ਅਪਰਾਧ ਕਬੂਲ ਰਿਹਾ ਹੈ। ਉਨ੍ਹਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਸੀ. ਬੀ. ਆਈ. ਅਤੇ ਦਿੱਲੀ ਪੁਲਿਸ ਤੋਂ ਮੰਗ ਕੀਤੀ ਕਿ ਟਾਈਟਲਰ ਨੂੰ 

ਤੁਰਤ ਗ੍ਰਿਫ਼ਤਾਰ ਕਰ ਕੇ ਉਚ ਪਧਰੀ ਜਾਂਚ ਕਰ ਕੇ ਟਾਈਟਲਰ ਵਿਰੁਧ ਪਰਚਾ ਦਰਜ ਕੀਤਾ ਜਾਵੇ ਤਾਕਿ ਸਿੱਖਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੇ ਅਵੇਸਲੇਪਨ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਕੇਂਦਰ ਸਰਕਾਰ 'ਤੇ ਦੋਸ਼ ਲਗਾਉਣ ਬਾਰੇ ਪੱਤਰਕਾਰਾਂ ਵਲੋਂ ਬੀਬੀ ਤੋਂ ਕੇਂਦਰ ਵਿਚ ਭਾਈਵਾਲ ਰਹੀ ਭਾਜਪਾ ਸਰਕਾਰ ਦਾ ਜ਼ਿਕਰ ਕਰਦਿਆਂ ਦੋਸ਼ੀਆਂ ਵਿਰੁਧ ਕਾਰਵਾਈ ਨਾ ਕਰਨ ਦੇ ਲਾਏ ਦੋਸ਼ ਦਾ ਜਵਾਬ ਦੇਣ ਮੌਕੇ ਆਪ ਹੀ ਸ਼ਸ਼ੋਪਨ ਵਿਚ ਪੈਂਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਗੱਲ ਕਹਿਣ ਦਾ ਮਕਸਦ ਅੱਜ ਤਕ ਕੇਂਦਰ ਵਿਚ ਸਾਰੀਆਂ ਸਰਕਾਰਾਂ ਤੋਂ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਾਰਿਆਂ ਤੋਂ ਸਿੱਖ ਕੌਮ ਨਾਲ ਅੱਜ ਤਕ ਹੋਈ ਵਧੀਕੀ ਦੇ ਦੋਸ਼ੀਆਂ ਦੇ ਘੁੰਮਣ ਪ੍ਰਤੀ ਅਵੇਸਲੀ ਮੌਕੇ ਦੀ ਸਰਕਾਰ ਵਲੋਂ ਸਜ਼ਾ ਨਾ ਦੇਣ ਕਾਰਨ ਇਨਸਾਫ਼ ਦੀ ਮੰਗ ਕਰਨ ਦੇ ਲਈ ਆਵਾਜ਼ ਬੁਲੰਦ ਕਰਨਾ ਚਾਹੁੰਦੀ ਹੈ।