ਸਿੱਖ ਕਤਲੇਆਮ: ਕਾਂਗਰਸ ਨੂੰ ਮੁਆਫ਼ ਨਹੀਂ ਕਰਨਗੇ ਸਿੱਖ: ਪੰਜੋਲੀ

ਪੰਥਕ, ਪੰਥਕ/ਗੁਰਬਾਣੀ



ਸ੍ਰੀ ਫ਼ਤਿਹਗੜ੍ਹ ਸਾਹਿਬ, 12 ਸਤੰਬਰ (ਸੁਰਜੀਤ ਸਿੰਘ ਖਮਾਣੋ): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦਰਬਾਰ ਸਾਹਿਬ 'ਤੇ ਕੀਤਾ ਗਿਆ ਹਮਲਾ ਸਿੱਖ ਸਦੀਆਂ ਤਕ ਵੀ ਨਹੀਂ ਭੁੱਲਣਗੇ ਅਤੇ ਨਾ ਹੀ ਕਦੇ ਇਸ ਸਬੰਧੀ ਕਾਂਗਰਸ ਨੂੰ ਮੁਆਫ਼ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਸਰਕਾਰ ਵਲੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਦਾ ਦਿੱਲੀ, ਕਾਨਪੁਰ, ਬਕਾਰੋ, ਹਰਿਆਣੇ ਅਤੇ ਹੋਰ ਥਾਵਾਂ ਤੇ ਕੀਤਾ ਗਿਆ ਕਤਲੇਆਮ ਮੁਗ਼ਲਾਂ ਅਤੇ ਨਾਜ਼ੀਆਂ ਦੇ ਜੁਲਮਾਂ ਨੂੰ ਵੀ ਮਾਤ ਪਾ ਗਿਆ ਸੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜਾਂ ਦੇ ਤਿੰਨੋ ਜਰਨੈਲ ਦਿੱਲੀ ਦੇ ਗਵਰਨਰ, ਮੁੱਖ ਮੰਤਰੀ, ਦਿੱਲੀ ਪੁਲਿਸ ਅਤੇ ਸੈਕੜਿਆਂ ਦੀ ਗਿਣਤੀ ਵਿਚ ਮੈਂਬਰ ਪਾਰਲੀਮੈਂਟਾਂ ਦੇ ਸਾਹਮਣੇ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ ਪਰ ਕਿਸੇ ਨੇ ਵੀ ਰੋਕਣ ਦੀ ਹਿੰਮਤ ਨਹੀਂ ਕੀਤੀ। ਅੱਜ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਮੈਨੂੰ ਸਿੱਖਾਂ ਨਾਲ ਹਮਦਰਦੀ ਹੈ ਜਿਸ ਤੋਂ ਉਹ ਪੁੱਛਣਾ ਚਾਹੁੰਦੇ ਹਨ ਕਿ ਰਾਹੁਲ ਗਾਂਧੀ ਦੀ ਮਾਤਾ ਸੋਨੀਆ ਗਾਂਧੀ ਨੇ ਅਪਣੀ ਪ੍ਰਧਾਨਗੀ ਹੇਠ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਫਿਰ ਟਿਕਟ ਕਿਉ ਦਿਤੀ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਅਜਿਹਾ ਕਹਿਣਾ ਗੁਮਰਾਹਕੁਨ ਹੈ। ਜੇ ਸਚਮੁੱਚ ਹੀ ਰਾਹੁਲ ਗਾਂਧੀ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਹੈ ਤਾਂ ਉਹ ਜਿਨ੍ਹਾਂ ਕਾਂਗਰਸੀ ਆਗੂਆਂ 'ਤੇ ਸਿੱਖਾਂ ਨੂੰ ਕਤਲ ਕਰਨ ਜਾਂ ਕਾਤਲਾਂ ਦੀ ਅਗਵਾਈ ਕਰਨ ਦੇ ਦੋਸ਼ ਲੱਗ ਰਹੇ ਹਨ, ਉਨਾਂ ਨੂੰ ਤੁਰਤ ਕਾਂਗਰਸ ਪਾਰਟੀ ਵਿਚੋਂ ਕਢਣ ਅਤੇ ਅਦਾਲਤ ਵਿਚ ਜਾ ਕੇ ਇਹ ਗਵਾਹੀ ਦੇਣ ਕਿ ਕਾਂਗਰਸ ਪਾਰਟੀ ਦੇ ਇਨ੍ਹਾਂ ਆਗੂਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਜੇ ਰਾਹੁਲ ਇਹ ਕੁੱਝ ਨਹੀਂ ਕਰ ਸਕਦੇ ਤਾਂ ਸਿੱਖ ਸਮਝਣਗੇ ਕਿ ਸਿੱਖਾਂ ਨਾਲ ਹਮਦਰਦੀ ਕਰਨ ਵਾਲਾ ਰਾਹੁਲ ਗਾਂਧੀ ਦਾ ਬਿਆਨ ਸਿੱਖਾਂ ਨਾਲ ਨਿਰਾ ਧੋਖਾ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਰਾਜਨੀਤਕ ਪਾਰਟੀ ਹੀ ਨਹੀਂ ਬਲਕਿ ਇਸ ਦੀ ਇਕ ਵਿਚਾਰਧਾਰਾ ਵੀ ਹੈ ਜੋ ਪੰਥਕ ਜਜ਼ਬਾਤ ਦੀ ਤਰਜ਼ਮਾਨੀ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਗੁਰਤਾਗੱਦੀ ਦਿਵਸ ਦੇ ਸਮਾਗਮ ਸਮੇਂ ਖਡੂਰ ਸਾਹਿਬ ਵਿਖੇ  ਸ਼੍ਰੋਮਣੀ ਅਕਾਲੀ ਦਲ ਦੀ ਸਟੇਜ਼ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨਾ ਵੱਡੀ ਭੁੱਲ ਹੈ। ਜੇ ਧਾਰਮਕ ਜੋੜ ਮੇਲਿਆਂ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਅਪਣੀਆਂ ਸਟੇਜਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਵਾਲੀ ਅਪਣੀ ਪਰੰਪਰਾਂ ਛੱਡ ਦਿਤੀ ਤਾਂ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਨਾ ਹੋ ਕੇ ਆਮ ਰਾਜਸੀ ਪਾਰਟੀਆਂ ਵਰਗੀ ਹੀ ਪਾਰਟੀ ਬਣ ਕੇ ਰਹਿ ਜਾਵੇਗੀ ਅਤੇ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਵੇਗਾ।