'ਸਿੱਖ ਰੈਜੀਮੈਂਟ ਦੇ ਹਰ ਜਵਾਨ ਦੇ ਜ਼ਿਹਨ 'ਚ ਸਾਰਾਗੜ੍ਹੀ ਜੰਗ'

ਪੰਥਕ, ਪੰਥਕ/ਗੁਰਬਾਣੀ

ਲੰਡਨ, 13 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਦੋਂ ਲੰਡਨ ਦੇ ਨੈਸ਼ਨਲ ਰਾਇਲ ਮਿਊਜ਼ੀਅਮ ਵਿਚ ਬਿਗਲ ਵਜਿਆ ਤਾਂ ਉੱਥੇ ਮੌਜੂਦ ਪਤਵੰਤਿਆਂ ਵਿਚ ਚੁੱਪ ਪਸਰ ਗਈ। ਸਾਰਾਗੜ੍ਹੀ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰੀਲੀਜ਼ ਕਰਨ ਦੀ ਘੜੀ ਉਨ੍ਹਾਂ 22 ਯੋਧਿਆਂ ਦੀ ਬਹਾਦਰੀ ਤੇ ਜਜ਼ਬੇ ਦਾ ਹਿੱਸਾ ਬਣ ਗਈ ਜਿਨ੍ਹਾਂ ਨੇ ਆਤਮਸਮਪਰਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿਤੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਨਾ ਸਿਰਫ਼ 36ਵੀਂ ਸਿੱਖਜ਼ ਜਿਸ ਨਾਲ ਇਨ੍ਹਾਂ ਮਹਾਨ ਯੋਧਿਆਂ ਦਾ ਨਾਤਾ ਸੀ, ਲਈ ਸਗੋਂ ਸਿੱਖ ਕੌਮ ਲਈ ਮਾਣ ਵਾਲੇ ਪਲ ਦਸਿਆ। ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜ੍ਹੀ ਦੀ ਜੰਗ ਦੇ ਅੰਤਮ ਕੁੱਝ ਘੰਟਿਆਂ ਦੇ ਉਨ੍ਹਾਂ ਕਸ਼ਟਦਾਇਕ ਪਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਦੀ ਇਨ੍ਹਾਂ 22 ਸੈਨਿਕਾਂ ਨੂੰ ਲੰਘਣਾ ਪਿਆ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਸੂਰਬੀਰਾਂ ਦੀ ਯਾਦ ਹਮੇਸ਼ਾ ਚੇਤਿਆਂ ਵਿਚ ਵਸੀ ਰਹੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਹ ਜੰਗ ਹੈ ਜੋ ਸਦਾ ਸਿੱਖ ਰੈਜੀਮੈਂਟ ਦੇ ਹਰ ਜਵਾਨ ਦੇ ਜ਼ਿਹਨ ਵਿਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਅਤੇ ਹਰ ਸੈਨਿਕ ਇਹੀ ਸੋਚਦਾ ਹੈ ਕਿ ਅਜਿਹੀਆਂ ਹਾਲਤਾਂ ਵਿਚ ਉਹ ਕੀ ਕਰਦੇ? ਮੁੱਖ ਮੰਤਰੀ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਨੂਠੀ ਅਗਵਾਈ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੂੰ ਹੁੰਦੇ ਹੋਏ ਇਕ ਵਾਰ ਵੀ ਪਿੱਛੇ ਨਾ ਹਟਣ ਦੀ ਬਜਾਏ ਅਪਣੇ ਸੈਨਿਕਾਂ ਦੀ ਸ਼ਹਾਦਤ ਤਕ ਸੰਜਮ ਨਾਲ ਇਸ ਅਸਾਵੀਂ ਜੰਗ ਦੀ ਅਗਵਾਈ ਕੀਤੀ।

'ਦਾ ਸਾਰਾਗੜ੍ਹੀ ਫਾਊਂਡੇਸ਼ਨ' ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਵਿਚ ਪੇਸ਼ਕਾਰੀ ਦਿਤੀ ਅਤੇ 'ਬਹਾਦਰੀ ਦੀਆਂ ਮੂਰਤਾਂ' ਸਿਰਲੇਖ ਹੇਠ ਦਿਤੇ ਸਾਰਾਗੜ੍ਹੀ ਯਾਦਗਾਰੀ ਭਾਸ਼ਣ ਦੌਰਾਨ ਭਾਰਤੀ ਫੌਜ ਵਿਚ ਸਿੱਖਾਂ ਦੀ ਨੁਮਾਇੰਦਗੀ ਘੱਟ ਹੋਣ ਦੇ ਸੁਝਾਅ ਨੂੰ ਰੱਦ ਕਰ ਦਿਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਹਿਜ਼ ਧਾਰਨਾ ਦਾ ਮਾਮਲਾ ਹੈ ਜਿਸ ਨੂੰ ਉਹ ਜਮਾਤੀ ਨੁਮਾਇੰਦਗੀ ਪ੍ਰਵਾਨਦੇ ਹਨ।
ਇਸ ਮੌਕੇ ਮੁੱਖ ਮੰਤਰੀ, ਜਿਨ੍ਹਾਂ ਦੀ ਕਿਤਾਬ 'ਦਾ 36ਵੀਂ ਸਿੱਖਜ਼ ਇਨ ਦਾ ਤਿਰਾਹ ਕੰਪੇਨ 1897-98—ਸਾਰਾਗੜ੍ਹੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ' ਲਾਂਚ ਕੀਤੀ ਗਈ, ਨੇ ਕਿਹਾ ਕਿ ਬਰਤਾਨੀਆ ਅਤੇ ਕੈਨੇਡਾ ਦੀ ਫੌਜ ਵਿਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੀ ਬਹਾਦਰੀ ਕਰ ਕੇ ਪੂਰੀ ਦੁਨੀਆਂ ਵਿਚ ਜਾਣਿਆ ਜਾਂਦਾ ਹੈ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਹੀ ਭਾਈਚਾਰੇ ਦੀ ਸ਼ਾਨ ਵਿਚ ਵਾਧਾ ਕੀਤਾ ਹੈ।

ਮੁੱਖ ਮੰਤਰੀ ਨੇ ਸਾਰਾਗੜ੍ਹੀ ਦਿਵਸ ਮੌਕੇ ਅਪਣੀ ਕਿਤਾਬ ਰਿਲੀਜ਼ ਹੋਣ ਨੂੰ ਇਸ ਜੰਗ ਦੇ ਸ਼ਹੀਦਾਂ ਨੂੰ ਨਿਮਾਣੀ ਸ਼ਰਧਾਂਜਲੀ ਦਸਿਆ ਜੋ ਫ਼ੌਜ ਦੇ ਇਤਿਹਾਸ ਵਿਚ ਜ਼ਿੰਦਾ ਮਿਸਾਲ ਰਹੇਗੀ ਜਿਸ ਨੂੰ ਵਿਸ਼ਵ ਦੀ 'ਲਾਸਟ ਪੋਸਟ' ਕਰ ਕੇ ਜਾਣਿਆ ਜਾਂਦਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ 1988 ਤੋਂ 1992 ਤਕ ਬਰਤਾਨਵੀ ਫ਼ੌਜ ਦੇ ਚੀਫ਼ ਆਫ਼ ਦੀ ਜਨਰਲ ਸਟਾਫ ਵਜੋਂ ਸੇਵਾਵਾਂ ਨਿਭਾਅ ਚੁੱਕੇ ਫੀਲਡ ਮਾਰਸ਼ਲ ਸਰ ਜੌਹਨ ਲਿਓਨ ਚੈਪਲ ਨੂੰ ਅਪਣੀ ਕਿਤਾਬ ਦੀ ਕਾਪੀ ਭੇਟ ਕੀਤੀ।

ਇਸ ਮੌਕੇ 36ਵੀਂ ਸਿੱਖਜ਼ ਦੇ ਕਮਾਡੈਂਟ ਲੈਫ਼ਟੀਨੈਂਟ ਕਰਨਲ ਜੌਹਨ ਹੌਗਟਨ ਦੇ ਪੋਤਰੇ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ। ਕਰਨਲ ਹੌਗਟਨ ਨੂੰ ਸਾਰਾਗੜ੍ਹੀ ਦੀ ਜੰਗ ਤੋਂ ਬਾਅਦ ਤਿਰਾਹ ਮਿਹੰਮ ਵਿਚ ਅਪਣੇ ਯੋਗਦਾਨ ਲਈ ਕੋਈ ਬਹਾਦਰੀ ਪੁਰਸਕਾਰ ਹਾਸਲ ਨਹੀਂ ਹੋਇਆ ਸੀ ਕਿਉਂ ਜੋ ਉਸ ਸਮੇਂ ਅਜਿਹੇ ਐਵਾਰਡ ਮਰਨ ਉਪਰੰਤ ਦੇਣ ਦੀ ਆਗਿਆ ਨਹੀਂ ਸੀ। ਇਹ ਪੁਰਸਕਾਰ ਕਾਫ਼ੀ ਦੇਰ ਬਾਅਦ ਸ਼ੁਰੂ ਹੋਏ।