ਸਿੱਖ ਸ਼ਕਲਾਂ ਵਾਲਿਆਂ ਨੇ ਗੁਰਬਾਣੀ ਨੂੰ ਜਾਦੂ-ਟੂਣਾ ਬਣਾ ਕੇ ਰੱਖ ਦਿਤੈ : ਪੰਥਪ੍ਰੀਤ ਸਿੰਘ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 24 ਫਰਵਰੀ (ਗੁਰਿੰਦਰ ਸਿੰਘ) : ਗੁਰਦਵਾਰਿਆਂ 'ਚ ਸਨਾਤਨੀ ਮੱਤ ਅਨੁਸਾਰ ਗੁਰਬਾਣੀ ਦੇ ਕੀਤੇ ਜਾ ਰਹੇ ਅਰਥ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਦਾ ਮਲੀਆ ਮੇਟ ਕਰਨ ਦਾ ਸਬੱਬ ਬਣ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਨਵੀਂ ਦਾਣਾਮੰਡੀ ਵਿਖੇ ਚੱਲ ਰਹੇ ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਦੇ ਦੂਜੇ ਦਿਨ ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਨੇ ਕਰਦਿਆਂ ਕਿਹਾ ਕਿ ਸਿੱਖ ਸ਼ਕਲਾਂ ਵਾਲੇ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰ ਕੇ ਕੌਮ ਦੀ ਫੱਟੀ ਪੋਚ ਦਿਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਹੋਰ ਧਰਮ ਨਾਲ ਭਾਵੇਂ ਕੋਈ ਵਿਰੋਧ ਨਹੀਂ ਪਰ ਰਮਾਇਣ ਦਾ ਪਾਠ ਕਰਨ ਮੌਕੇ ਹਿੰਦੂ ਲੋਕ ਜਿਸ ਤਰਾਂ ਨਾਰੀਅਲ, ਖੰਭਣੀ, ਧੂਫ, ਅਗਰਬੱਤੀ ਅਤੇ ਜੌਂ ਆਦਿ ਰਖਦੇ ਸਨ, ਉਸੇ ਤਰਾਂ ਸਿੱਖ ਸ਼ਕਲਾਂ ਵਾਲੇ ਪੁਜਾਰੀਆਂ ਨੇ ਵੀ ਉਹ ਸਾਰੀਆਂ ਚੀਜ਼ਾਂ ਗੁਰਦਵਾਰਿਆਂ 'ਚ ਪਹੁੰਚਾ ਦਿਤੀਆਂ, ਹੁਣ ਸਿੱਖਾਂ ਘਰ ਵੀ ਅਖੰਠ ਪਾਠ ਜਾਂ ਸਹਿਜ ਪਾਠ ਮੌਕੇ ਉਕਤ ਚੀਜ਼ਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ।

 ਉਨ੍ਹਾਂ ਦਸਿਆ ਕਿ ਭਾਵੇਂ ਪੁਜਾਰੀਵਾਦ ਸਦੀਆਂ ਤੋਂ ਲੋਕਾਂ ਨੂੰ ਗੁਮਰਾਹ ਕਰ ਕੇ ਲੁਟਦਾ ਆ ਰਿਹਾ ਹੈ ਤੇ ਪੁਜਾਰੀਵਾਦ ਦੇ ਗਪੌੜ ਦਾ ਜਵਾਬ ਬਾਬੇ ਨਾਨਕ ਨੇ ਦਲੇਰੀ ਤੇ ਦਲੀਲਾਂ ਨਾਲ ਦਿਤਾ ਪਰ ਅੱਜ ਡੇਰੇਦਾਰਾਂ ਅਤੇ ਗੁਰਦਵਾਰਿਆਂ 'ਚ ਬੈਠੇ ਸਿੱਖ ਸ਼ਕਲਾਂ ਵਾਲੇ ਬਾਬਿਆਂ ਨੇ ਵੀ ਉਸੇ ਗਪੌੜ, ਝੂਠੀਆਂ ਸਾਖੀਆਂ, ਕਰਮਕਾਂਡ ਆਦਿਕ ਦੇ ਹਵਾਲੇ ਦੇ ਕੇ ਸੰਗਤ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਖੰਠ ਪਾਠ ਅਤੇ ਕੌਤਰੀਆਂ ਦੇ ਨਾਂ 'ਤੇ ਚੱਲ ਰਹੇ ਵਪਾਰ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬਾਨਾਂ ਨਾਲ ਬੈਠੇ 11 ਭੱਟ ਸਾਹਿਬਾਨ ਦਾ ਜਨਮ ਭਾਵੇਂ ਬ੍ਰਾਹਮਣਾਂ ਦੇ ਘਰ ਹੋਇਆ ਪਰ ਉਨ੍ਹਾਂ ਬ੍ਰਾਹਮਣਵਾਦ ਦਾ ਸਮਰਥਨ ਕਰਨ ਦੀ ਬਜਾਇ ਸੱਚ 'ਤੇ ਪਹਿਰਾ ਦਿਤਾ, ਸਿੱਖਾਂ ਦਾ ਪੁਜਾਰੀਵਾਦ ਸਿੱਖ ਕੌਮ ਨੂੰ ਜਦਕਿ ਹਿੰਦੂਆਂ ਦਾ ਪੁਜਾਰੀਵਾਦ ਹਿੰਦੂ ਕੌਮ ਨੂੰ ਗੁਮਰਾਹ ਕਰਕੇ ਲੁੱਟ ਰਿਹੈ। ਉਨਾ ਦਸਿਆ ਕਿ ਜਿਵੇਂ ਹਿੰਦੂ ਮੂਰਤੀਆਂ ਅੱਗੇ ਥਾਲੀਆਂ ਘੁਮਾਉਂਦਾ ਉਵੇਂ ਦਾੜ੍ਹੀਆਂ ਤੇ ਦਸਤਾਰਾਂ ਵਾਲੇ ਪੁਜਾਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਥਾਲੀਆਂ ਘੁਮਾਉਣ ਨੂੰ ਆਰਤੀ ਸਮਝਦੇ ਹਨ।