ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਗੁਰਪ੍ਰੀਤ ਸਿੰਘ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

ਪੰਥਕ, ਪੰਥਕ/ਗੁਰਬਾਣੀ

ਫ਼ਰੀਦਕੋਟ, 24 ਸਤੰਬਰ (ਸਟਾਫ ਰਿਪੋਰਟਰ) : ਬੀਤੇਂ ਦਿਨੀਂ ਦਿੱਲੀ 'ਚ ਪੰਜਾਬ ਦੇ ਹੋਣਹਾਰ ਸਿੱਖ ਨੌਜਵਾਨ ਨੂੰ ਗੱਡੀ ਥੱਲੇ ਦੇ ਕੇ ਮਾਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ 'ਤੇ ਸਿੱਖ ਨੌਜਵਾਨ ਦੀ ਆਤਮਕ ਸ਼ਾਂਤੀ ਲਈ ਸਥਾਨਕ ਗੁਰਦਵਾਰਾ ਖ਼ਾਲਸਾ ਦੀਵਾਨ ਤੋਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ 1920 ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਮੋਮਬੱਤੀ ਮਾਰਚ ਕਢਿਆ ਗਿਆ ਜਿਸ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਮੋਮਬੱਤੀ ਮਾਰਚ ਦੌਰਾਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ 1920 ਦੇ ਪੰਜਾਬ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਅਤੇ ਮਾਲਵਾ ਜ਼ੋਨ ਇੰਚਾਰਜ ਭਾਈ ਕੁਲਦੀਪ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਪੜ੍ਹਾਈ ਕਰਨ ਗਏ ਸਿੱਖ ਨੌਜਵਾਨਾਂ (ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ) ਵਲੋਂ ਜਨਤਕ ਥਾਂ 'ਤੇ ਸਿਗਰਟ ਪੀ ਰਹੇ ਰੋਹਿਤ ਕ੍ਰਿਸ਼ਨਾ ਤੇ ਉਸ ਦੇ ਸਾਥੀਆਂ ਨੂੰ ਟੋਕਿਆ ਤਾਂ ਤੈਸ਼ 'ਚ ਆਏ ਹੰਕਾਰੀਆਂ ਨੇ ਸਿੱਖ ਨੌਜਵਾਨਾਂ ਦੇ ਮੋਟਰਸਾਈਕਲ ਮਗਰ ਗੱਡੀ ਲਾ ਕੇ ਦੋਨੋਂ ਨੌਜਵਾਨਾਂ ਬੁਰੀ ਫੇਟ ਮਾਰੀ ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਦੂਜਾ ਸਾਥੀ ਗੰਭੀਰ ਜ਼ਖ਼ਮੀ ਹੋਣ 'ਤੇ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਅਤੇ ਪੰਜਾਬ ਵਿਚਲੀ ਕੈਪਟਨ ਸਰਕਾਰ ਨੇ ਜਨਤਕ ਥਾਂ 'ਤੇ ਤਮਾਕੂਨੋਸ਼ੀ ਬੰਦ ਕੀਤੀ ਹੋਣ ਦੇ ਬਾਵਜੂਦ ਫ਼ਿਰਕੂ ਹੰਕਾਰੀਆਂ ਨੇ ਕਾਨੂੰਨ ਦੀ ਜਿਥੇ ਧੱਜੀਆਂ ਉਡਾਈਆਂ, ਉਥੇ ਹੀ ਇਕ ਸਿੱਖ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ, ਇਸ ਲਈ ਇਨ੍ਹਾਂ ਹੰਕਾਰੀਆਂ 'ਤੇ ਵਿਗੜੇ ਘਰਾਂ ਦੇ ਕਾਕਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਵਾਰ ਨੂੰ ਇਨਸਾਫ਼ ਮਿਲ ਸਕੇ।
ਭਾਈ ਡੋਡ ਤੇ ਭਾਈ ਖ਼ਾਲਸਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ 'ਚ 87 ਫ਼ੀ ਸਦੀ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ ਪਰ ਅੱਜ ਵੀ ਦੇਸ਼ ਅੰਦਰ ਸਿੱਖ ਕੌਮ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਿਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਗੁਰਪ੍ਰੀਤ ਸਿੰਘ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਪਧਰੀ ਸੰਘਰਸ਼ ਵਿੱਢਿਆ ਜਾਵੇਗਾ।