ਮੈਲਬੋਰਨ, 30 ਅਗੱਸਤ (ਪਰਮਵੀਰ
ਸਿੰਘ ਆਹਲੂਵਾਲੀਆ) : ਦੁਨੀਆਂ ਭਰ 'ਚ ਸਿੱਖ ਜਿਥੇ ਅਪਣੀ ਮਿਹਨਤ ਅਤੇ ਲਗਨ ਦੇ ਸਦਕੇ
ਕਾਮਯਾਬ ਹੋਏ ਹਨ, ਉਥੇ ਹੀ ਸਿੱਖਾਂ ਨੂੰ ਆਸਟ੍ਰੇਲੀਅਨ ਲੋਕਾਂ ਨੂੰ ਅਪਣੀ ਪਹਿਚਾਣ ਦੱਸਣ
ਲਈ ਮੁਸ਼ਕਲਾਂ ਦਾ ਸਾਹਮਾਣਾ ਕਰਨਾ ਪੈ ਰਿਹਾ ਹੈ। ਇਸ ਦੀ ਇਕ ਉਦਾਹਰਣ ਪਿਛਲੇ ਦਿਨੀਂ
ਕੁਈਨਜ਼ਲੈਡ 'ਚ ਵੇਖਣ ਨੂੰ ਮਿਲੀ। ਜਦੋਂ ਸਕੂਲ 'ਚ ਇਕ ਬੱਚੇ ਦੇ ਸ੍ਰੀ ਸਾਹਿਬ ਧਾਰੀ ਸਿੱਖ
ਪਿਤਾ ਨੂੰ ਵੇਖ ਕੇ ਹੋਰ ਬੱਚਿਆਂ 'ਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਸੂਬੇ ਦੇ ਸਿਖਿਆ
ਮੰਤਰੀ ਨੇ ਕਿਹਾ ਕਿ ਸਕੂਲ 'ਚ ਕਿਸੇ ਵੀ ਮਾਪੇ ਨੂੰ ਹਥਿਆਰ ਲੈ ਕੇ ਆਉਣ ਦੀ ਆਗਿਆ ਨਹੀਂ
ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸਕੂਲਾਂ 'ਚ ਬੱਚਿਆਂ ਦੇ
ਮਾਪਿਆਂ ਨੂੰ ਕਿਰਪਾਨ ਪਹਿਨ ਕੇ ਆਉਣ ਦੀ ਆਗਿਆ ਦਿਤੀ ਗਈ ਸੀ ਪਰ ਇਸ 'ਤੇ ਕੁਈਨਜ਼ਲੈਂਡ
ਸਿਖਿਆ ਵਿਭਾਗ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਇਹ ਆਗਿਆ ਸਕੂਲ ਦੇ ਪ੍ਰਿੰਸੀਪਲਾਂ ਵਲੋਂ ਦਿਤੀ
ਗਈ ਸੀ। ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਜਿਮ ਵੈਟਟਰਸੋਨ ਦਾ ਕਹਿਣਾ ਹੈ ਕਿ ਇਹ ਇਕ ਗ਼ਲਤ
ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਨੇ ਸਿੱਖ ਮਾਪਿਆਂ ਨੂੰ ਸਕੂਲ ਦੀ
ਗਰਾਊਂਡ ਅੰਦਰ ਕਿਰਪਾਨ ਪਹਿਨ ਕੇ ਆਉਣ ਦੀ ਜੋ ਮਨਜ਼ੂਰੀ ਦਿਤੀ ਹੈ, ਉਹ ਗ਼ਲਤ ਹੈ। ਵਿਭਾਗ ਦਾ
ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਾਰੇ ਸੂਬੇ ਦੇ
ਸਕੂਲਾਂ ਨੂੰ ਸਾਫ਼ ਕੀਤਾ ਗਿਆ ਹੈ ਕਿ ਕੁਈਨਜ਼ਲੈਂਡ ਹਥਿਆਰ ਐਕਟ 1990 ਅਨੁਸਾਰ ਕਿਰਪਾਨ ਨੂੰ
ਇਕ ਤਰ੍ਹਾਂ ਦਾ ਚਾਕੂ ਮੰਨਿਆ ਗਿਆ ਹੈ। ਇਸ ਲਈ ਸਕੂਲਾਂ ਦੀ ਗਰਾਊਂਡ ਅੰਦਰ ਇਸ ਨੂੰ ਨਹੀਂ
ਪਹਿਨਿਆ ਜਾ ਸਕਦਾ। ਡਾ. ਵੈਟਟਰਸੋਨ ਨੇ ਕਿਹਾ ਕਿ ਇਹ ਫ਼ੈਸਲਾ ਵਿਭਾਗ ਦੀ ਨੀਤੀ ਦੇ ਵਿਰੁਧ
ਹੈ।
ਇਸ ਮਾਮਲੇ ਦੇ ਸਬੰਧ 'ਚ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ
ਪ੍ਰੇਸ਼ਾਨ ਹਨ ਕਿ ਬੱਚਿਆਂ ਨੂੰ ਡਰਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ
ਸਕਦਾ ਹੈ। ਉਨ੍ਹਾਂ ਨੇ ਇਸ ਮਾਮਲੇ ਬਾਰੇ ਸਿਖਿਆ ਵਿਭਾਗ ਨਾਲ ਸੰਪਰਕ ਕੀਤਾ ਸੀ, ਜਿਸ ਤੋਂ
ਬਾਅਦ ਵਿਭਾਗ ਨੇ ਇਸ ਫ਼ੈਸਲੇ ਨੂੰ ਅਣਉਚਿਤ ਦਸਿਆ। ਇਸ ਤਰ੍ਹਾਂ ਦਾ ਮਾਮਲਾ 18 ਮਹੀਨੇ
ਪਹਿਲਾਂ ਵੀ ਉਠਿਆ ਸੀ।