ਸਿੱਖਾਂ ਦੀ ਵਿਲੱਖਣ ਹੋਂਦ ਨੂੰ ਚੁਨੌਤੀਆਂ ਵਿਰੁਧ ਜੰਗ ਜਾਰੀ ਰਹੇਗੀ: ਫ਼ੈਡਰੇਸ਼ਨ ਗਰੇਵਾਲ

ਪੰਥਕ, ਪੰਥਕ/ਗੁਰਬਾਣੀ



ਫ਼ਿਰੋਜ਼ਪੁਰ, 13 ਸਤੰਬਰ (ਬਲਬੀਰ ਸਿੰਘ ਜੋਸਨ): ਦੁਨੀਆ ਅੰਦਰ ਬਹਾਦਰੀ ਦਾ ਸਨਮਾਨ ਪ੍ਰਾਪਤ ਕਰਨ ਵਾਲੇ 21 ਸਾਰਾਗੜ੍ਹੀ ਦੇ ਸ਼ਹੀਦਾਂ ਨੇ ਚਮਕੌਰ ਦੀ ਗੜ੍ਹੀ ਤੋਂ ਸੇਧ ਲੈ ਕੇ ਇਤਿਹਾਸ ਸਿਰਜਿਆ ਹੈ। ਸਿੱਖਾਂ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਸਿਰਜਿਆ ਅਜਿਹਾ ਇਤਿਹਾਸ ਸਾਡੀ ਵਿਦਿਅਕ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੀਦਾ ਹੈ।

ਫ਼ੈਡਰੇਸ਼ਨ ਸਿੱਖ ਦੀ ਅਡਰੀ ਹੋਂਦ ਨੂੰ ਕਾਇਮ ਰੱਖਣ ਲਈ ਆ ਰਹੀ ਕਿਸੇ ਵੀ ਚੁਨੌਤੀ ਵਿਰੁਧ ਜੰਗ ਜਾਰੀ ਰਖੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਇਥੇ ਨਗਰ ਅੱਕੂਮਸਤਕੇ ਗੁਰਦਵਾਰਾ ਬਾਬਾ ਸਹਾਰੀ ਮੱਲ ਵਿਖੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ 73ਵੀਂ ਵਰ੍ਹੇਗੰਢ ਦੇ ਮੌਕੇ ਜੱਥੇਬੰਦੀ ਦੇ ਵਰਕਰਾਂ ਅਤੇ ਸੰਗਤ ਦੇ ਭਾਰੀ ਇਕੱਠ ਨੂੰ ਸੰਬੋਧਨ ਹੁੰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਸਿੱਖਾਂ ਦੇ ਵਡਮੁੱਲੇ ਇਤਿਹਾਸ ਨੂੰ ਜਾਣੂ ਕਰਵਾ ਕੇ ਤੇ ਸਿੱਖ ਨੌਜਵਾਨੀ ਅੰਦਰ ਅਪਣੇ ਵਿਰਸੇ ਦੇ ਵਾਰਸ ਹੋਣ ਦਾ ਮਾਣ ਕਰਵਾਉਣ ਅਤੇ ਡਟ ਕੇ ਪਹਿਰੇਦਾਰੀ ਦਾ ਪ੍ਰਚਾਰ ਕਰਨਾ ਅਪਣਾ ਮੁਢਲਾ ਫ਼ਰਜ਼ ਸਮਝਦੀ ਹੈ। ਸਿੱਖੀ ਦੀ ਵਿਲੱਖਣ ਹੋਂਦ ਨੂੰ ਉਜਾਗਰ ਕਰਨ ਵਾਲੇ ਹਰ ਅਧਿਆÂੈ ਨੂੰ ਲੋਕਾਂ ਤਕ ਪਹੁੰਚਾਉਣਾ ਸਾਡਾ ਫ਼ਰਜ਼ ਹੈ।

ਇਸੇ ਉਪਰਾਲੇ ਤਹਿਤ ਦੁਨੀਆ ਅੰਦਰ ਜਾਣੇ ਜਾਂਦੇ ਸਿੱਖ ਸਿਪਾਹੀਆਂ ਦੇ ਸਾਰਾਗੜ੍ਹੀ ਦੇ ਇਤਿਹਾਸ ਨੂੰ ਯਾਦ ਕਰਨਾ ਵੀ ਇਸੇ ਕੜੀ ਦਾ ਹਿੱਸਾ ਹੈ।  ਸਿੱਖ ਸਟੂਡੈਂਟਸ ਫ਼ੈਡਰੇਸ਼ਨ ਇਸ ਮੁਹਿੰਮ ਨੂੰ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨਾਲ ਰਲ ਕੇ ਦੁਨੀਆਂ ਭਰ 'ਚ ਲੈ ਕੇ ਜਾਵੇਗੀ। ਫ਼ੈਡਰੇਸ਼ਨ ਦੇ ਇਸ ਸਮਾਗਮ 'ਚ ਪਾਸ ਕੀਤੇ ਮਤਿਆ 'ਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਇਤਿਹਾਸ ਦਾ ਵਿਸ਼ਾ ਪੰਜਾਬ ਦੇ ਸਕੂਲਾਂ ਅੰਦਰ ਲਾਜ਼ਮੀ ਹੋਣਾ ਚਾਹੀਦਾ ਹੈ। ਪੰਜਾਬੀ ਬੋਲੀ ਦਾ ਸਤਿਕਾਰ ਸਰਕਾਰੇ ਦਰਬਾਰੇ ਲਾਜ਼ਮੀ ਹੋਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਵਲੋਂ ਪੰਜਾਬ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੇ ਨਿਜੀ ਹਿਤਾਂ ਦਾ ਪ੍ਰਚਾਰ ਮੰਦਭਾਗਾ ਹੈ।