ਸਿੱਖਾਂ ਨੇ ਕੀਤੀ ਟਰੰਪ ਪ੍ਰਸ਼ਾਸਨ ਤੋਂ ਮੰਗ ਟਾਲਿਆ ਜਾਵੇ ਟਰੱਕਾਂ ਵਿਚ ਈਐਲਡੀ ਲਾਉਣ ਦਾ ਨਿਯਮ

ਪੰਥਕ, ਪੰਥਕ/ਗੁਰਬਾਣੀ

ਵਾਸ਼ਿੰਗਟਨ, 28 ਸਤੰਬਰ: ਅਮਰੀਕਾ ਵਿਚ ਸਿੱਖਾਂ ਦੇ ਇਕ ਸੰਗਠਨ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਟਰੱਕਾਂ ਵਿਚ ਮਹਿੰਗਾ ਲਾਗਿੰਗ ਉਪਕਰਨ ਲਗਾਉਣ ਦੇ ਨਿਯਮ ਨੂੰ ਟਾਲ ਦਿਤਾ ਜਾਵੇ ਕਿਉਂਕਿ ਇਸ ਕਦਮ ਨਾਲ ਟਰੱਕ ਕਾਰੋਬਾਰ 'ਤੇ ਕਾਫ਼ੀ ਮਾੜਾ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਟਰੱਕ ਕਾਰੋਬਾਰ ਵਿਚ ਜ਼ਿਆਦਾਤਰ ਸਿੱਖਾਂ ਦਾ ਹੀ ਦਬਦਬਾ ਹੈ। ਇਹ ਨਵਾਂ ਨਿਯਮ 18 ਦਸੰਬਰ ਤੋਂ ਲਾਗੂ ਹੋ ਜਾਵੇਗਾ। ਇਸ ਵਿਚ ਲਗਭਗ ਸਾਰੇ ਕਮਰਸ਼ੀਅਲ ਟਰੱਕਾਂ ਵਿਚ ਇਲੈਕਟਰਾਨਿਕ ਲਾਗਿੰਗ ਡਿਵਾਈਸ (ਈਐਲਡੀ) ਲਗਾ ਕੇ ਟਰੱਕ ਚਲਾਉਣਾ ਹੋਵੇਗਾ। ਇਹ ਉਪਕਰਨ ਉਨ੍ਹਾਂ ਦੇ ਡਿਊਟੀ 'ਤੇ ਰਹਿਣ ਅਤੇ ਆਫ਼ ਡਿਊਟੀ ਰਹਿਣ ਦੇ ਘੰਟਿਆਂ ਨੂੰ ਰੀਕਾਰਡ ਕਰੇਗਾ।
ਇੰਡੀਆਨਾਪੋਲਿਸ ਦੀ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਈਐਲਡੀ ਲਗਾਉਣ ਦੇ ਹੁਕਮ ਨੂੰ ਟਾਲਣ ਦੀ ਮੰਗ ਕੀਤੀ ਹੈ ਤਾਕਿ ਟਰੱਕ ਡਰਾਈਵਰ ਚੰਗੀ ਤਰ੍ਹਾਂ ਅਪਣਾ ਕਾਰੋਬਾਰ ਚਲਾ ਸਕਣ। ਇਹ ਕਮੇਟੀ ਲਗਭਗ ਡੇਢ ਲੱਖ ਟਰੱਕ ਮਾਲਕਾਂ ਦੀ ਅਗਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕ ਮਜ਼ਬੂਤ ਨਹੀਂ ਹੈ ਅਤੇ ਫ਼ੈਡਰੇਸ਼ਨ ਮੋਟਰ ਕਰੀਅਰ ਸੇਫ਼ਟੀ ਐਡਮਿਨਿਸਟਰੇਸ਼ਨ ਨੇ ਇਸ ਉਪਕਰਨ ਨੂੰ ਮਨਜ਼ੂਰੀ ਨਹੀਂ ਦਿਤੀ ਹੈ। (ਪੀ.ਟੀ.ਆਈ.)