ਸਿੱਖਾਂ 'ਤੇ ਖ਼ਾਲਿਸਤਾਨੀ ਹੋਣ ਦਾ ਠੱਪਾ ਲਾਉਣ ਪਿੱਛੇ ਖ਼ੁਫ਼ੀਆ ਏਜੰਸੀਆਂ: ਜੀਕੇ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 26 ਫ਼ਰਵਰੀ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੋਸ ਜ਼ਾਹਰ ਕਰਦਿਆਂ ਦੋਸ਼ ਲਾਇਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਵਿਵਾਦਤ ਬਣਾ ਕੇ, ਸਿੱਖਾਂ ਸਿਰ ਅਖੌਤੀ ਖ਼ਾਲਿਸਤਾਨੀ ਤੇ ਵੱਖਵਾਦੀ ਹੋਣ ਦਾ ਠੱਪਾ ਲਾਉਣ ਦੀ ਕੋਝੀ ਕੋਸ਼ਿਸ਼ ਪਿੱਛੇ ਭਾਰਤ ਸਰਕਾਰ,  ਖ਼ੁਫ਼ੀਆ ਏਜੰਸੀਆਂ ਅਤੇ ਚੋਣਵੇਂ ਮੀਡੀਆ ਹਾÀਸੂ-ਪੱਤਰਕਾਰਾਂ ਸਣੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦੋਸ਼ੀ ਹਨ।  ਉਨ੍ਹਾਂ ਪੁਛਿਆ ਕੀ ਸਿੱਖਾਂ ਲਈ ਇਸ ਦੇਸ਼ ਵਿਚ ਕਾਨੂੰਨ ਦੇ ਦੋਹਰੇ ਮਾਪਦੰਡ ਕਿਉਂ ਹਨ? ਇਥੇ ਕਮੇਟੀ ਦਫ਼ਤਰ ਵਿਖੇ ਅੱਜ ਸੱਦੀ ਪੱਤਰਕਾਰ ਮਿਲਣੀ ਦੌਰਾਨ ਜੀ.ਕੇ. ਨੇ ਕਿਹਾ ਕਿ ਜਿਸ ਸਾਬਕਾ ਖਾੜਕੂ ਜਸਪਾਲ ਸਿੰਘ ਅਟਵਾਲ ਦਾ ਨਾਂ ਵਰਤ ਕੇ, ਮੀਡੀਆ ਇਹ ਸਾਬਤ ਕਰਨ ਦਾ ਕੋਝਾ ਯਤਨ ਕਰ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਖ਼ਾਲਿਸਤਾਨੀਆਂ ਦੀ ਅਖੌਤੀ ਹਮਾਇਤ ਕਰ ਰਹੇ ਹਨ, ਦਰਅਸਲ ਉਹ 2016 ਵਿਚ ਵੀ ਭਾਰਤ ਆਇਆ ਸੀ।  ਜੇ 2017 ਵਿਚ ਉਸ ਦਾ ਨਾਂ ਕਾਲੀ ਸੂਚੀ 'ਚੋਂ ਹਟਾਇਆ ਗਿਆ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਉਹ ਨੂੰ ਪਹਿਲਾਂ ਵੀਜ਼ਾ ਕਿਥੋਂ ਮਿਲ ਗਿਆ? 

 ਜੇ ਅਟਵਾਲ ਅਖੌਤੀ ਖ਼ਾਲਿਸਤਾਨੀ ਹੈ ਤਾਂ ਉਸ ਦੇ ਭਾਜਪਾ ਆਗੂ ਤੇ ਭਾਰਤ ਸਰਕਾਰ ਦੇ ਅਧਿਕਾਰਤ ਨੁਮਾਇੰਦੇ ਨਲਿਨ ਕੋਹਲੀ ਨਾਲ ਕੀ ਸਬੰਧ ਹਨ? ਕਿਹੜੀਆਂ ਏਜੰਸੀਆਂ ਉਸ ਨਾਲ ਕੰਮ ਕਰ ਰਹੀਆਂ ਸਨ? ਜੇ ਅਟਵਾਲ ਨੇ ਕੁੱਝ ਕੀਤਾ ਸੀ, ਤਾਂ ਫਿਰ ਉਸ ਨੂੰ 1995 ਵਿਚ ਸਜ਼ਾ ਹੋ ਗਈ ਤਾਂ ਹੁਣ ਉਸ ਪਿੱਛੋਂ ਉਸ ਨੂੰ ਵਰਤ ਕੇ ਕਿਉਂ  ਏਜੰਸੀਆਂ ਤੇ ਮੀਡੀਆ ਨੇ ਖ਼ਾਲਿਸਤਾਨ ਦਾ ਹਉਆ ਖੜਾ ਕੀਤਾ?  ਜੇ ਅਟਵਾਲ ਨੂੰ ਵੱਖਵਾਦੀ ਬਣਾਉਣ ਦਾ ਮਸਲਾ ਹੈ ਤਾਂ ਫਿਰ ਸੰਜੇ ਦੱਤ, ਸਾਧਵੀ ਪ੍ਰਗਿਆ ਤੇ ਅਸੀਮਾ ਨੰਦ (ਮਾਲੇਗਾਓਂ ਧਮਾਕੇ ਨਾਲ ਅਖੌਤੀ ਤੌਰ 'ਤੇ ਜੁੜੇ ਰਹੇ) ਨੂੰ ਕਿਉਂ ਨਹੀਂ ਮੀਡੀਆ ਵੱਖਵਾਦੀ ਪ੍ਰਚਾਰਦਾ? ਕਿਉਂ ਸਿੱਖਾਂ ਪਿਛੇ ਹੱਥ ਧੋ ਕੇ, ਪੈ ਗਏ ਹਨ?”  ਉਨ੍ਹਾਂ ਕਿਹਾ ਕਿ ਅਟਵਾਲ ਨੇ ਤਾਂ ਅਪਣੇ ਫੇਸਬੁਕ ਖਾਤੇ ਰਾਹੀਂ ਵਿੱਤ ਮੰਤਰਾਲੇ ਵਿਚ  25 ਅਗੱਸਤ 2017 ਨੂੰ ਅਫ਼ਸਰਾਂ ਨਾਲ ਹੋਈ ਮੁਲਾਕਾਤ ਤੇ ਇਸ ਤੋਂ ਪਹਿਲਾਂ ਨਾਰਥ ਤੇ ਸਾਊਥ ਬਲਾਕ ਦੇ ਬਾਹਰ ਖੜੇ ਹੋ ਕੇ ਖਿੱਚੀਆਂ ਅਪਣੀਆਂ ਫ਼ੋਟੋਆਂ ਵੀ ਪਾਈਆਂ ਸਨ ਤੇ ਇਹ ਲਿਖ ਕੇ ਦਾਅਵਾ ਕੀਤਾ ਸੀ ਕਿ ਵਿੱਤ ਮੰਤਰਾਲੇ ਵਿਚ ਭਾਰਤੀ ਅਫ਼ਸਰਾਂ ਨੇ ਉਸ ਦੀ ਚੰਗੀ ਆਊ ਭਗਤ ਕੀਤੀ ਹੈ ਜਿਸ ਦੇ ਸਹਾਰੇ ਖ਼ਾਲਿਸਤਾਨ ਦਾ ਹਉਆ ਮੀਡੀਆ ਤੇ ਏਜੰਸੀਆਂ ਖੜਾ ਕਰ ਰਹੀਆਂ ਹਨ।