ਸੋਚੀ ਸਮਝੀ ਰਣਨੀਤੀ ਨਾਲ ਹੋਇਆ 'ਸੌਦਾ ਸਾਧ' ਦੇ ਸਾਮਰਾਜ ਦਾ ਅੰਤ

ਪੰਥਕ, ਪੰਥਕ/ਗੁਰਬਾਣੀ



ਬਰਨਾਲਾ, 18 ਸਤੰਬਰ (ਜਗਸੀਰ ਸਿੰਘ ਸੰਧੂ): ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਸੌਦਾ ਸਾਧ ਨੂੰ ਹੋਈ ਕੈਦ ਤੋਂ ਬਾਅਦ ਸੌਦਾ ਸਾਧ ਦੀ ਸੱਭ ਤੋਂ ਨਜ਼ਦੀਕੀ ਰਾਜ਼ਦਾਰ ਹਨੀਪ੍ਰੀਤ ਦੀ ਗੁੰਮਸ਼ੁਦਗੀ ਨੂੰ ਲੈ ਕੇ ਮੀਡੀਆ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਦੀ ਕਾਫ਼ੀ ਕਿਰਕਰੀ ਹੋ ਰਹੀ ਹੈ।

25 ਅਗੱਸਤ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਹੈਲੀਕਾਪਟਰ ਵਿਚ ਸੌਦਾ ਸਾਧ ਨਾਲ ਰੋਹਤਕ ਦੀ ਸੁਨਾਰੀਆ ਜੇਲ ਤਕ ਜਾਣ ਵਾਲੀ ਹਨੀਪ੍ਰੀਤ ਦਾ ਹਰਿਆਣਾ ਪੁਲਿਸ ਪੌਣਾ ਮਹੀਨਾ ਬੀਤ ਜਾਣ ਉਪ੍ਰੰਤ ਵੀ ਕੋਈ ਅਤਾ ਪਤਾ ਨਹੀਂ ਲਗਾ ਸਕੀ। ਜਿਵੇਂ ਹੁਣ ਮੀਡੀਆ ਵਿਚ ਖ਼ਬਰਾਂ ਆ ਰਹੀਆਂ ਹਨ ਕਿ ਹਨੀਪ੍ਰੀਤ 25 ਅਗੱਸਤ ਰਾਤ ਨੂੰ ਸੁਨਾਰੀਆ ਜੇਲ ਤੋਂ ਡੇਰਾ ਸਿਰਸਾ ਵਿਚ ਆਈ ਸੀ ਅਤੇ ਉਥੋਂ ਹੀ ਕਿਤੇ ਗ਼ਾਇਬ ਹੋ ਗਈ ਹੈ, ਇਸ ਸਬੰਧੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਵੀ ਪੁਸ਼ਟੀ ਕੀਤੀ ਹੈ। ਇਸ ਦਰਮਿਆਨ ਹੀ ਮੀਡੀਆ ਵਿਚ ਹਨੀਪ੍ਰੀਤ ਦਾ ਇਕ ਬਿਆਨ ਪ੍ਰਕਾਸ਼ਤ ਹੋਇਆ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ 'ਭਾਜਪਾ ਨੇ ਸੌਦਾ ਸਾਧ ਨਾਲ ਹੋਈ ਡੀਲ ਤੋੜੀ ਹੈ ਅਤੇ ਡੇਰੇ ਨਾਲ ਧੋਖਾ ਕੀਤਾ ਹੈ। ਹਨੀਪ੍ਰੀਤ ਡੇਰਾ ਮੁਖੀ ਦੀ ਭਾਜਪਾ ਨਾਲ ਹੋਈ ਕਿਹੜੀ 'ਡੀਲ' ਦੀ ਗੱਲ ਕਰਦੀ ਹੈ? ਫ਼ਿਲਹਾਲ ਉਹ ਕਿਥੇ ਹੈ, ਕਿਸ ਹਾਲਤ ਵਿਚ ਹੈ, ਉਸ ਦੀ ਜਾਨ ਨੂੰ ਕਿਸ ਤੋਂ ਖ਼ਤਰਾ ਹੈ? ਇਹ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਤਾਂ ਹਰਿਆਣਾ ਪੁਲਿਸ ਵਲੋਂ 'ਮੋਸਟ ਵਾਂਟਡ' ਕਰਾਰ ਦਿਤੀ ਹਨੀਪ੍ਰੀਤ ਹੀ ਦੇ ਸਕਦੀ ਹੈ ਪਰ ਭਾਜਪਾ ਅਤੇ ਸੌਦਾ ਸਾਧ ਨਾਲ ਸਬੰਧ ਜੱਗ ਜ਼ਾਹਰ ਹੋ ਚੁੱਕੇ ਹਨ। ਸੌਦਾ ਸਾਧ ਵਲੋਂ ਲੋਕ ਸਭਾ ਚੋਣਾਂ ਦੌਰਾਨ, ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਮਦਦ ਕੀਤੀ ਗਈ ਅਤੇ ਅਪਣੇ ਪ੍ਰੇਮੀਆਂ ਕੋਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਵਾਈਆਂ ਗਈਆਂ।


ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਸੌਦਾ ਸਾਧ ਦੀਆਂ ਹਦਾਇਤਾਂ ਅਨੁਸਾਰ ਪ੍ਰੇਮੀਆਂ ਨੇ ਭਾਜਪਾ-ਅਕਾਲੀ ਗਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਉਧਰ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਅਪਣੇ ਭਾਸ਼ਨ ਵਿਚ ਸਵੱਛਤਾ ਮੁਹਿੰਮ ਲਈ ਸਹਿਯੋਗ ਕਰਨ 'ਤੇ ਸੌਦਾ ਸਾਧ ਅਤੇ ਉਸ ਦੇ ਪ੍ਰੇਮੀਆਂ ਦੀ ਪ੍ਰਸ਼ੰਸਾ ਕੀਤੀ ਗਈ ਸੀ, ਉਥੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਮੇਤ ਭਾਜਪਾ ਦੇ ਕਈ ਵੱਡੇ ਆਗੂ ਸੌਦਾ ਸਾਧ ਦੀ ਕਈ ਵਾਰ ਹਾਜ਼ਰੀ ਭਰਦੇ ਰਹੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਪਣੀ ਤਕਰੀਬਨ ਸਾਰੀ ਕੈਬਨਿਟ ਲੈ ਕੇ ਸੌਦਾ ਸਾਧ ਡੰਡੌਤ ਕਰਦਾ ਆ ਰਿਹਾ ਹੈ। ਫਿਰ ਅਜਿਹੇ ਕਿਹੜੀ ਮਜਬੂਰੀ ਬਣ ਗਈ ਸੀ ਕਿ ਭਾਜਪਾ ਨੂੰ ਸੌਦਾ ਸਾਧ ਨਾਲ ਕੀਤੀ ਡੀਲ ਤੋੜਨੀ ਪਈ ਹੈ। ਅਸਲ ਵਿਚ ਭਾਜਪਾ ਦਾ ਰੀਮੋਟ ਕੰਟਰੋਲ ਆਰ.ਐਸ.ਐਸ ਦੇ ਹੱਥ ਵਿਚ ਹੈ ਅਤੇ ਜਿਹੜੇ ਆਰ.ਐਸ.ਐਸ ਕੇਂਦਰ ਸਮੇਤ ਰਾਜਾਂ ਦੀਆਂ ਸਰਕਾਰਾਂ ਨਾਗਪੁਰ ਤੋਂ ਬਣਾਉਣ ਦੀ ਯੋਜਨਾ 'ਤੇ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਅਪਣੇ ਇਸ ਮਿਸ਼ਨ ਵਿਚ ਅੱਗੇ ਵੱਧ ਰਹੀ ਹੈ, ਉਹ ਆਰ.ਐਸ.ਐਸ ਇਹ ਕਿਵੇਂ ਬਰਦਾਸ਼ਤ ਕਰ ਸਕਦੀ ਹੈ ਕਿ ਸਿਰਸੇ ਵਿਚ ਬੈਠੇ  ਇਕ 'ਸੌਦਾ ਸਾਧ' ਦੇ ਇਸ਼ਾਰੇ ਨਾਲ ਹਰਿਆਣਾ ਅਤੇ ਪੰਜਾਬ ਵਿਚ ਸਰਕਾਰਾਂ ਬਣਨ ਲੱਗ ਜਾਣ। ਇਸੇ ਲਈ ਆਰ.ਐਸ.ਐਸ ਦੀ ਰਣਨੀਤੀ ਤਹਿਤ ਹੀ ਜਿੰਨਾ ਕੰਮ ਸੌਦਾ ਸਾਧ ਤੋਂ ਲੈਣਾ ਸੀ, ਉਹ ਲੈ ਲਿਆ ਗਿਆ ਅਤੇ ਅਖ਼ੀਰ ਵਿਚ ਸੌਦਾ ਸਾਧ ਨੂੰ ਧੋਖੇ ਵਿਚ ਰੱਖ ਕੇ ਉਸ ਦਾ ਸਾਮਰਾਜ ਖ਼ਤਮ ਕਰ ਦਿਤਾ ਗਿਆ। ਅਸਲ ਵਿਚ ਹਰਿਆਣਾ ਦੀ ਖੱਟਰ ਸਰਕਾਰ ਖ਼ੁਦ ਹੀ ਚਾਹੁੰਦੀ ਸੀ ਕਿ ਹੁਣ 'ਸੌਦਾ ਸਾਧ' ਤਾਂ ਗ੍ਰਿਫ਼ਤਾਰ ਹੋ ਜਾਵੇ ਅਤੇ ਆਰ.ਐਸ.ਐਸ ਦੇ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਦੇ ਮਨਸੂਬਿਆਂ ਲਈ ਪ੍ਰੇਮੀਆਂ ਦੀ ਵਰਤੋਂ ਕੀਤੀ ਜਾ ਸਕੇ।

ਭਾਰਤ ਦੀ ਰਾਜਨੀਤੀ ਵਿਚ ਰਾਜਨੀਤਕ ਆਗੂਆਂ ਅਤੇ ਧਾਰਮਕ ਗੁਰੂਆਂ ਦੀ ਜੁਗਲਬੰਦੀ ਅਤੇ ਭਾਰਤੀ ਰਾਜਨੀਤੀ ਵਿਚ ਛਲ-ਕਪਟ, ਡਰ-ਭੈਅ, ਕਾਮ ਵਾਸਨਾ, ਵਿਸ਼ਵਾਸਘਾਤ ਅਤੇ ਦਬਾਉ ਆਦਿ ਮੁੱਢ ਕਦੀਮ ਤੋਂ ਚਲਦੇ ਆ ਰਹੇ ਹਨ। ਰਮਾਇਣ, ਮਹਾਂਭਾਰਤ, ਮਗਧ, ਚਾਣਕੀਆ ਸਮੇਤ ਭਾਰਤੀ ਰਾਜਨੀਤੀ ਦੇ ਇਤਿਹਾਸ ਵਿਚੋਂ ਇਸ ਸੱਭ ਦਾ ਭਲੀਭਾਂਤ ਝਲਕਾਰਾ ਮਿਲਦਾ ਹੈ। ਮੌਜੂਦਾ ਦੌਰ ਵਿਚ ਵੀ ਪ੍ਰਧਾਨ ਨਰਿੰਦਰ ਮੋਦੀ ਕਦੇ ਆਸਾਰਾਮ ਦੇ ਡੇਰੇ 'ਤੇ ਹਾਜ਼ਰੀ ਭਰਦੇ ਰਹੇ ਹਨ, ਭਾਜਪਾ ਨੇ ਤਾਂ ਬਹੁਤ ਸਾਰੇ ਸਾਧਾਂ ਅਤੇ ਸਾਧਵੀਆਂ ਨੂੰ ਟਿਕਟਾਂ ਦੇ ਐਮ.ਪੀ ਅਤੇ ਐਮ.ਐਲ.ਏ ਵੀ ਬਣਾਇਆ ਹੈ। ਇਥੋਂ ਤਕ ਕਿ ਕੇਂਦਰੀ ਵਜ਼ੀਰਾਂ ਤੇ ਰਾਜਾਂ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਵੀ ਸਾਧਾਂ ਤੇ ਸਾਧਵੀਆਂ ਨੂੰ ਬਿਰਾਜਮਾਨ ਕੀਤਾ ਹੈ ਪਰ ਸਚਾਈ ਇਹ ਵੀ ਹੈ ਕਿ ਭਾਰਤੀ ਰਾਜਨੀਤੀ ਵਿਚ ਚਾਣਕੀਆ ਨੀਤੀ ਤਹਿਤ ਕਿਸੇ ਵੱਡੇ ਰਾਜਨੀਤਕ ਫ਼ਾਇਦੇ ਲਈ ਇਨ੍ਹਾਂ ਸਾਧਾਂ ਅਤੇ ਸਾਧਵੀਆਂ ਦੀ ਰਾਜਨੀਤੀ ਬਲੀ ਦੇਣ 'ਚ ਵੀ ਦੇਰੀ ਨਹੀਂ ਕੀਤੀ ਗਈ ਅਤੇ ਜੇ ਲੋੜ ਪਈ ਤਾਂ ਸਾਧਾਂ ਤੇ ਸਾਧਵੀਆਂ ਨੂੰ ਜੇਲ ਭੇਜਣ ਤੋਂ ਸੰਕੋਚ ਨਹੀਂ ਕੀਤਾ ਗਿਆ। ਇਹੀ ਕੁੱਝ ਸੌਦਾ ਸਾਧ ਵਾਲੇ ਮਾਮਲੇ ਵਿਚ ਵਾਪਰਿਆ ਹੈ।

ਸੌਦਾ ਸਾਧ ਦਾ ਜ਼ਿਆਦਾਤਰ ਅਸਰ ਰਸੂਖ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਿੱਖ ਵੱਸੋਂ  ਵਾਲੇ ਇਲਾਕਿਆਂ ਵਿਚ ਹੈ, ਇਸ ਲਈ ਜਿਥੇ ਪਹਿਲਾਂ ਕਾਂਗਰਸ ਪਾਰਟੀ ਨੇ ਡੇਰਾ ਸਿਰਸਾ ਦੀ ਪੁਸ਼ਤਪੁਨਾਹੀ ਕੀਤੀ, ਜਦ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਤਾਂ ਇਸ ਖ਼ਿੱਤੇ ਦੀਆਂ ਵੋਟਾਂ ਬਟੋਰਨ ਲਈ ਭਾਜਪਾ ਨੇ ਡੇਰਾ ਸਿਰਸਾ ਨੂੰ ਅਪਣੀ ਸਰਪ੍ਰਸਤੀ ਦੇ ਦਿਤੀ। ਪਹਿਲਾਂ ਕਾਂਗਰਸ ਅਤੇ ਫੇਰ ਭਾਜਪਾ ਨਾਲ ਯਾਰੀ ਪਾਕੇ ਸੌਦਾ ਸਾਧ ਨੇ ਅਪਣੇ ਸਾਮਰਾਜ ਨੂੰ ਖ਼ੂਬ ਫੈਲਾਇਆ ਅਤੇ ਅਪਣੇ ਪ੍ਰੇਮੀਆਂ 'ਤੇ ਪਕੜ ਮਜ਼ਬੂਤ ਕਰਦਾ ਗਿਆ। ਇਸ ਤਰ੍ਹਾਂ ਸੌਦਾ ਸਾਧ ਅਪਣੇ ਪ੍ਰੇਮੀਆਂ ਦੇ ਵੋਟ ਬੈਂਕ ਨੂੰ ਵਰਤ ਕੇ ਇੰਨਾ ਮਜ਼ਬੂਤ ਹੋ ਗਿਆ ਕਿ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਯੂ.ਪੀ ਤੇ ਰਾਜਸਥਾਨ ਦੇ ਵੱਡੇ-ਵੱਡੇ ਰਾਜਨੀਤੀ ਆਗੂ ਉਸ ਦਾ ਪਾਣੀ ਭਰਨ ਲੱਗੇ। ਉਸ ਦੇ ਨਾਲ-ਨਾਲ ਰਾਜਨੀਤਕ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਉਸ ਦੇ ਅਸ਼ੀਰਵਾਦ ਨਾਲ ਹੀ ਬਣਦੀਆਂ ਹਨ। ਉਧਰ ਦੇਸ਼ ਵਿਚ ਘੱਟ-ਗਿਣਤੀਆਂ ਅਤੇ ਰਸਤੇ ਵਿਚ ਰੋੜਾ ਬਣ ਰਹੀਆਂ ਧਰਮ ਨਿਰਪੱਖ ਧਿਰਾਂ ਨੂੰ ਖਦੇੜ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਮਿਸ਼ਨ ਲੈ ਕੇ ਤੁਰੀ ਆਰ.ਐਸ.ਐਸ ਨੂੰ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਸੀ ਕਿ ਨਾਗੁਪਰ ਦੀ ਥਾਂ ਸਿਰਸੇ ਵਿਚ ਬੈਠਾ ਇਕ ਸਾਧ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰ ਬਣਾਉਣ ਦੇ ਫ਼ੈਸਲੇ ਕਰੇ। ਇਸ ਦੇ ਨਾਲ ਹੀ ਆਰ.ਐਸ.ਐਸ ਨੂੰ ਪੰਜਾਬ ਦੇ ਪਿੰਡਾਂ ਵਿਚ ਪੈਰ ਜਮਾਉਣ ਲਈ ਡੇਰਾ ਸਿਰਸਾ ਦੇ ਪ੍ਰੇਮੀ ਇਕ ਵੱਡਾ ਜ਼ਰੀਆ ਦਿਸਣ ਲੱਗ ਪਏ। ਸੀ.ਬੀ.ਆਈ ਦੇ ਘੇਰੇ ਵਿਚ ਆਏ ਸੌਦਾ ਸਾਧ ਨੂੰ ਘੇਰਨ ਲਈ ਬੜੀ ਰਣਨੀਤੀ ਤਹਿਤ ਆਰ.ਐਸ.ਐਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲ ਰਹੀ ਹਰਿਆਣੇ ਦੀ ਖੱਟਰ ਸਰਕਾਰ ਪਿਛੇ ਹੱਟਣ ਲੱਗ ਪਈ ਅਤੇ ਨਿਆਂ ਪਾਲਿਕਾ ਮਜ਼ਬੂਤ ਹੁੰਦੀ ਗਈ ਜਿਥੇ ਸੀ.ਬੀ.ਆਈ ਅਦਾਲਤ ਨੇ ਸੌਦਾ ਸਾਧ 'ਤੇ ਸ਼ਿਕੰਜਾ ਕਸ ਦਿਤਾ, ਉਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਪ੍ਰਤੀ ਸਖ਼ਤ ਹੁੰਦੀ ਚਲੀ ਗਈ। ਅਖ਼ੀਰ 25 ਅਗੱਸਤ ਨੂੰ ਹਰਿਆਣਾ ਸਰਕਾਰ ਭਰੋਸੇ ਵਿਚ ਲੈਕੇ ਸੌਦਾ ਸਾਧ ਨੂੰ ਡੇਰੇ ਵਿਚੋਂ ਕੱਢ ਕੇ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਤਕ ਲੈ ਆਈ ਅਤੇ ਸੀ.ਬੀ.ਆਈ ਅਦਾਲਤ ਨੇ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇ ਕੇ ਜੇਲ ਭੇਜ ਦਿਤਾ।