ਚੰਡੀਗੜ੍ਹ, 17 ਅਕਤੂਬਰ (ਜੀ.ਸੀ. ਭਾਰਦਵਾਜ): ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਧਾਰਮਕ ਅਦਾਰੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਵਿਚ ਆ ਰਹੇ ਨਿਘਾਰ ਅਤੇ ਇਸ ਦੇ ਕਿਰਦਾਰ ਵਿਚ ਆ ਰਹੀ ਗਿਰਾਵਟ ਤੋਂ ਚਿੰਤਤ ਹੋ ਕੇ ਸਿੱਖ ਬੁਧੀਜੀਵੀਆਂ ਨੇ ਸਥਿਤੀ ਦਾ ਦਿਲਚਸਪ ਹਲ ਇਹ ਕਢਿਆ ਹੈ ਕਿ ਸਰਕਾਰ ਹੀ ਕੁੱਝ ਕਰੇ ਤੇ ਗੁਰਦਵਾਰਾ ਐਕਟ ਵਿਚ ਤਰਮੀਮ ਕਰ ਕੇ ਇਸ ਨੂੰ ਠੀਕ ਕਰੇ। ਸਿੱਖ ਸੰਗਤ ਦਾ ਕਹਿਣਾ ਹੈ ਕਿ ਆਰਾਮਦੇਹ ਕੁਰਸੀਆਂ 'ਤੇ ਸਜ ਕੇ 'ਚਿੰਤਨ' ਕਰਨ ਵਾਲੇ ਸਿੱਖ ਬੁਧੀਜੀਵੀ ਅਸਲ ਸਮੱਸਿਆ ਬਾਰੇ ਅਣਜਾਣ ਹਨ ਕਿ ਚੋਣ ਪ੍ਰਬੰਧ ਅਤੇ ਵੋਟ ਪ੍ਰਬੰਧ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਕੇ ਅਤੇ ਸਿੱਖ ਪ੍ਰਬੰਧ ਲਾਗੂ ਕਰ ਕੇ ਹੀ ਸਥਿਤੀ ਸੁਧਾਰੀ ਜਾਂ ਸਕਦੀ ਹੈ ਤੇ ਇਹ ਕੰਮ ਸਿੱਖਾਂ ਨੂੰ ਆਪ ਹੀ ਕਰਨਾ ਪਵੇਗਾ। ਸਰਕਾਰਾਂ ਕੁੱਝ ਕਰਨਗੀਆਂ ਤਾਂ ਸਿੱਖਾਂ ਨੂੰ ਹੋਰ ਜ਼ਿਆਦਾ ਫਸਾ ਦੇਣਗੀਆਂ। ਵਿਦਵਾਨਾਂ ਤੇ ਪੰਥ ਹਿੱਤ ਵਿਚ ਗੰਭੀਰਤਾ ਨਾਲ ਸੋਚਣ ਵਾਲੇ ਚਿੰਤਕਾਂ ਨੇ ਮੰਗ ਕੀਤੀ ਹੈ ਕਿ 92 ਸਾਲ ਪੁਰਾਣੇ ਗੁਰਦਵਾਰਾ ਐਕਟ ਵਿਚ ਸੋਧ ਕੀਤੀ ਜਾਵੇ ਕਿਉਂਕਿ ਸਿਆਸੀ ਦਖ਼ਲਅੰਦਾਜ਼ੀ ਜ਼ਿਆਦਾ ਵੱਧ ਗਈ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਕਰਵਾਏ ਗਏ ਸੈਮੀਨਾਰ ਵਿਚ ਇਨ੍ਹਾਂ ਬੁਧੀਜੀਵੀਆਂ, ਇਤਿਹਾਸਕਾਰਾਂ ਅਤੇ ਪੰਥ ਦਰਦੀਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਵੀ ਇਖ਼ਲਾਕੀ ਗਿਰਾਵਟ ਆ ਚੁੱਕੀ ਹੈ ਅਤੇ ਸਿਆਸੀ ਲੀਡਰਾਂ ਦੀ ਚੋਣਾਂ ਵਿਚ ਸ਼ਮੂਲੀਅਤ 'ਤੇ ਪਾਬੰਦੀ ਲਾਉਣੀ ਬਣਦੀ ਹੈ।