ਕੋਟਕਪੂਰਾ,
14 ਸਤੰਬਰ (ਗੁਰਿੰਦਰ ਸਿੰਘ) : ਇਕ ਪਾਸੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ
ਪੰਥਕ ਲਹਿਰ ਸ਼ੁਰੂ ਕਰਨ, ਪਤਿੱਤ ਹੋ ਗਏ ਅਤੇ ਪੰਥ ਤੋਂ ਦੂਰ ਚਲੇ ਗਏ ਪਰਿਵਾਰਾਂ ਨੂੰ ਵਾਪਸ
ਪੰਥ 'ਚ ਸ਼ਾਮਲ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸ਼੍ਰੋਮਣੀ
ਕਮੇਟੀ ਦੇ ਸਕੂਲ 'ਚ ਪੜਦੇ ਅੰਮ੍ਰਿਤਧਾਰੀ ਬੱਚਿਆਂ ਦੇ ਮਾਪਿਆਂ ਨੇ ਸ਼੍ਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮੈਡਮ ਅਰੁਣਾ ਚੋਧਰੀ
ਸਿੱਖਿਆ ਮੰਤਰੀ, ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ 16 ਜਿੰਮੇਵਾਰ ਲੀਡਰਾਂ
ਅਤੇ ਅਫਸਰਾਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਸ਼੍ਰੋਮਣੀ ਕਮੇਟੀ ਦੇ ਸਕੂਲ ਪ੍ਰਬੰਧਕਾਂ
ਵੱਲੋਂ ਬੱਚਿਆਂ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਦੇ ਸਬੰਧ 'ਚ ਇਨਸਾਫ ਦੀ ਮੰਗ ਕੀਤੀ
ਹੈ।
ਜਸਵੰਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮੱਤਾ, ਗੁਰਜੰਟ ਸਿੰਘ ਪੁੱਤਰ
ਕਿਰਪਾਲ ਸਿੰਘ ਵਾਸੀ ਪਿੰਡ ਰੋੜੀਕਪੂਰਾ, ਜਸਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ
ਮੱਤਾ, ਸੁਖਦੇਵ ਸਿੰਘ, ਗੁਰਤੇਜ ਸਿੰਘ ਪੁੱਤਰਾਨ ਝੰਡਾ ਸਿੰਘ ਵਾਸੀਆਨ ਪਿੰਡ ਨਾਨਕਸਰ,
ਇਕਬਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਮੱਤਾ, ਬਲਤੇਜ ਸਿੰਘ ਪੁੱਤਰ ਨਾਹਰ ਸਿੰਘ
ਅਤੇ ਤਰਨਜੀਤ ਸਿੰਘ ਚਮਕੌਰ ਸਿੰਘ ਆਦਿਕ ਨੇ ਆਪਣੀਆਂ ਸ਼ਿਕਾਇਤਾਂ ਰਾਹੀਂ ਦੱਸਿਆ ਕਿ
2014-15 ਦੇ ਵਿਦਿਅਕ ਸ਼ੈਸ਼ਨ ਸ਼ੁਰੂ ਹੋਣ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਵਿਖੇ ਚਲਾਏ
ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਕੁਝ ਕਰਮਚਾਰੀਆਂ ਨੇ ਉਨਾਂ ਤੱਕ ਪਹੁੰਚ
ਕਰਕੇ ਅਰਥਾਤ ਖੁਦ ਘਰਾਂ 'ਚ ਆ ਕੇ ਅੰਮ੍ਰਿਤਧਾਰੀ ਬੱਚਿਆਂ ਦੀ ਮੁਫਤ ਪੜਾਈ ਦਾ ਹਵਾਲਾ
ਦਿੰਦਿਆਂ ਆਪਣੇ ਬੱਚਿਆਂ ਨੂੰ ਉਕਤ ਸਕੂਲ 'ਚ ਦਾਖਲ ਕਰਾਉਣ ਦੀ ਬੇਨਤੀ ਕੀਤੀ, ਬਹੁਤ ਸਾਰੇ
ਗੁਰਸਿੱਖ ਪਰਿਵਾਰਾਂ 'ਤੇ ਜੋਰ ਪਾ ਕੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ 'ਚ ਪੜਦੇ ਬੱਚਿਆਂ
ਨੂੰ ਹਟਾ ਕੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਪੜਨ ਲਈ ਲਿਜਾਣਾ ਸ਼ੁਰੂ ਕਰ ਦਿੱਤਾ
ਪਰ ਕੁਝ ਦਿਨਾਂ ਬਾਅਦ ਕਹਿਣ ਲੱਗੇ ਕਿ ਸਾਡਾ ਸਕੂਲ ਸੀਬੀਐਸਈ ਤੋਂ ਮਾਨਤਾ ਪ੍ਰਾਪਤ ਹੈ,
ਤੁਹਾਡੇ ਬੱਚਿਆਂ ਦੀ ਪੜਾਈ ਦੀ ਮਿਆਰ ਚੰਗਾ ਨਹੀਂ, ਇਸ ਵਾਸਤੇ ਉਕਤ ਬੱਚਿਆਂ ਨੂੰ ਇਕ ਸਾਲ
ਪਿੱਛੇ ਅਰਥਾਤ ਸੱਤਵੀਂ ਵਾਲੇ ਬੱਚੇ ਨੂੰ ਛੇਵੀਂ ਜਮਾਤ 'ਚ ਦਾਖਲ ਕੀਤਾ ਜਾਵੇਗਾ। ਭਾਂਵੇ
ਮਾਪਿਆਂ ਨੇ ਮੁਫਤ ਅਤੇ ਚੰਗੀ ਵਿਦਿਆ ਦੇ ਦਿਖਾਏ ਜਾ ਰਹੇ ਸਬਜਬਾਗਾਂ ਕਰਕੇ ਆਪਣੇ ਬੱਚਿਆਂ
ਦੀ ਪੜਾਈ ਦਾ ਇਕ ਸਾਲ ਨੁਕਸਾਨ ਵੀ ਪ੍ਰਵਾਨ ਕਰ ਲਿਆ ਪਰ ਇਕ ਸ਼ੈਸ਼ਨ ਪੂਰਾ ਹੋਣ ਤੋਂ ਬਾਅਦ
ਉਕਤ ਸਕੂਲ ਦੀ ਪ੍ਰਿੰਸੀਪਲ ਸਮੇਤ ਸਮੂਹ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ
ਅਤੇ ਉਨਾਂ ਦੇ ਮਾਪਿਆਂ ਨੂੰ ਦਾਖਲਾ ਫੀਸ, ਟਿਊਸ਼ਨ ਫੀਸ ਸਮੇਤ ਹੋਰ ਗੈਰ ਕਾਨੂੰਨੀ ਫੰਡਾਂ
ਦੀ ਮੰਗ ਸ਼ੁਰੂ ਕਰ ਦਿੱਤੀ।
ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਭਾਂਵੇ
ਉਕਤ ਸਕੂਲ ਸ਼੍ਰ੍ਰੋਮਣੀ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਪਰ ਇਸ ਸਕੂਲ ਦੀ ਪ੍ਰਬੰਧਕੀ
ਕਮੇਟੀ ਤੇ ਪ੍ਰਿੰਸੀਪਲ ਨੇ ਨਿੱਜੀ ਦੁਕਾਨਦਾਰੀਆਂ ਵਾਲੇ ਸਕੂਲਾਂ ਵਾਂਗ ਕਈ ਤਰਾਂ ਦੇ
ਗੈਰ-ਕਾਨੂੰਨੀ ਫੰਡ, ਫੀਸਾਂ, ਰੀਐਡਮੀਸ਼ਨ ਫੀਸਾਂ ਆਦਿ ਵਸੂਲ ਕਰਨੀਆਂ ਸ਼ੁਰੂ ਕਰ ਦਿੱਤੀਆਂ,
ਬੱਚਿਆਂ ਤੋਂ ਭੋਜਨ ਗਰਮ ਕਰਨ ਲਈ 100 ਰੁਪਿਆ ਪ੍ਰਤੀ ਬੱਚਾ, ਸਕੂਲ 'ਚ ਪੌਦੇ ਲਾਉਣ ਲਈ 50
ਰੁਪਏ ਪ੍ਰਤੀ ਬੱਚਾ ਵਸੂਲ ਕੀਤਾ ਪਰ ਮੰਗਣ ਦੇ ਬਾਵਜੂਦ ਅੱਜ ਤੱਕ ਕੋਈ ਰਸੀਦ ਨਹੀਂ ਦਿੱਤੀ
ਗਈ। ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਹੀ ਨਿੱਜੀ ਪਬਲਿਸ਼ਰਾਂ ਦੀਆਂ
ਮਹਿੰਗੀਆਂ ਕਿਤਾਬਾਂ, ਕਾਪੀਆਂ, ਸਟੇਸ਼ਨਰੀ, ਵਰਦੀਆਂ ਆਦਿਕ ਸਮਾਨ ਖ੍ਰੀਦਣ ਲਈ ਮਜਬੂਰ
ਕੀਤਾ।
ਉਨਾ ਦੋਸ਼ ਲਾਇਆ ਕਿ ਸਿੱਖ ਇਤਿਹਾਸ ਅਤੇ ਧਰਮ ਦੀਆਂ ਸਿੱਖਿਆਵਾਂ ਨੂੰ
ਪ੍ਰਫੁਲਤ ਕਰਨ ਦੇ ਉਦੇਸ਼ 'ਚ ਨਾਲ ਚਲਾਏ ਜਾ ਰਹੇ ਸ਼੍ਰ੍ਰੋਮਣੀ ਕਮੇਟੀ ਦੇ ਉਕਤ ਸਕੂਲ 'ਚ
ਪਤਿੱਤ ਅਧਿਆਪਕ ਤੇ ਅਧਿਆਪਕਾਵਾਂ ਕੰਮ ਕਰ ਰਹੇ ਹਨ, ਜੋ ਸਿੱਖੀ ਅਸੂਲਾਂ ਨੂੰ ਢਾਹ ਹੀ
ਨਹੀਂ ਲਾ ਰਹੇ ਬਲਕਿ ਬੱਚਿਆਂ 'ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਵੀ ਛੱਡ ਰਹੇ ਹਨ।
ਬੱਚਿਆਂ ਨੂੰ ਸਿੱਖ ਧਰਮ ਨਾਲ ਸਬੰਧਤ ਸਿੱਖਿਆ ਦੇਣ ਦਾ ਕੋਈ ਪ੍ਰਬੰਧ ਨਹੀਂ, ਸਿਰਫ ਪੈਸਾ
ਕਮਾਉਣ ਹੀ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਦਾ ਉਦੇਸ਼ ਬਣਿਆ ਹੋਇਆ ਹੈ। ਉਨਾ ਦੱਸਿਆ ਕਿ
ਹੁਣ ਬੱਚਿਆਂ ਤੋਂ ਪੇਪਰ ਨਹੀਂ ਲਏ ਜਾ ਰਹੇ ਤੇ ਜਦੋਂ ਮਾਪਿਆਂ ਨੇ ਪੇਪਰ ਨਾ ਲੈਣ ਦਾ ਕਾਰਨ
ਪੁੱਛਿਆ ਤਾਂ ਉਨਾ ਪੁਲਿਸ ਬੁਲਾ ਕੇ ਮਾਪਿਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ
ਐਸ.ਐਚ.ਓ. ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪੜਤਾਲ ਉਪਰੰਤ ਮੰਨਿਆ ਕਿ ਸਕੂਲ ਪ੍ਰਬੰਧਕ
ਬੱਚਿਆਂ ਦਾ ਪੇਪਰ ਲੇਣ ਤੋਂ ਇਨਕਾਰ ਨਹੀਂ ਕਰ ਸਕਦੇ।
ਥਾਣਾ ਮੁਖੀ ਇੰਸ. ਰਾਜੇਸ਼
ਕੁਮਾਰ ਅਨੁਸਾਰ ਉਨਾਂ ਸਕੂਲ ਪ੍ਰਬੰਧਕਾਂ ਨੂੰ ਜਦੋਂ ਬੱਚਿਆਂ ਤੋਂ ਪੇਪਰ ਨਾ ਲੈਣ ਦਾ ਕਾਰਨ
ਪੁੱਛਿਆ ਤਾਂ ਸਕੂਲ ਪ੍ਰਬੰਧਕਾਂ ਨੇ ਪੇਪਰ ਲੈ ਲੈਣ ਦੀ ਗੱਲ ਕਹੀ। ਉਨਾਂ ਦੱਸਿਆ ਕਿ
ਪੁਲਿਸ ਦਾ ਕੰਮ ਅਮਨ ਕਾਨੂੰਨ ਦੀ ਹਾਲਤ ਨੂੰ ਬਰਕਰਾਰ ਰੱਖਣਾ ਹੁੰਦਾ ਹੈ, ਜੇਕਰ ਮਾਪੇ ਇਸ
ਦੀ ਸ਼ਿਕਾਇਤ ਕਰਨੀ ਚਾਹੁੰਣ ਤਾਂ ਉਹ ਪੁਲਿਸ ਦੀ ਬਜਾਇ ਉਚ ਸਿੱਖਿਆ ਅਧਿਕਾਰੀਆਂ ਤੱਕ ਪਹੁੰਚ
ਕਰਨ। ਉਂਝ ਉਨਾ ਮੰਨਿਆ ਕਿ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਦਰਮਿਆਨ ਹੋਣ ਵਾਲੇ ਟਕਰਾਅ
ਨੂੰ ਟਾਲਣ ਵਾਸਤੇ ਪੁਲਿਸ ਸਕੂਲ 'ਚ ਗਈ ਸੀ।
ਸੰਪਰਕ ਕਰਨ 'ਤੇ ਪ੍ਰਿੰਸੀਪਲ
ਡਾ. ਰਾਜਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 2014 'ਚ
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ ਸੀ ਪਰ
ਸ਼੍ਰੋਮਣੀ ਕਮੇਟੀ ਦੀ 2015 'ਚ ਕਰਵਾਈ ਗਈ ਸਰਵੇ ਰਿਪੋਰਟ 'ਚ 70ਫੀਸਦੀ ਅੰਮ੍ਰਿਤਧਾਰੀ
ਫਰਜੀ ਸਾਹਮਣੇ ਆਉਣ ਕਰਕੇ ਨਿਯਮਾਂ 'ਚ ਤਬਦੀਲੀ ਕੀਤੀ ਗਈ। ਉਨਾਂ ਦੱਸਿਆ ਕਿ ਸਕੂਲ ਦੇ 800
ਬੱਚਿਆਂ 'ਚੋਂ 250 ਅੰਮ੍ਰਿਤਧਾਰੀ ਬੱਚੇ ਫੀਸਾਂ ਭਰ ਰਹੇ ਹਨ, ਕੁਝ ਕੁ ਚੋਣਵੇਂ ਬੱਚਿਆਂ
ਦੇ ਮਾਪੇ ਜਾਣਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਪਰ ਅਸੀਂ ਸ਼੍ਰੋਮਣੀ ਕਮੇਟੀ ਦੀਆਂ
ਹਦਾਇਤਾਂ ਤੋਂ ਬਾਹਰ ਕੁਝ ਵੀ ਕਰਨ ਤੋਂ ਅਸਮਰਥ ਹਾਂ।