ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ

ਪੰਥਕ, ਪੰਥਕ/ਗੁਰਬਾਣੀ

ਲਗਭਗ 500 ਮੁਲਾਜ਼ਮਾਂ ਦੇ ਸਿਰ 'ਤੇ ਲਟਕੀ ਤਲਵਾਰ

ਲਗਭਗ 500 ਮੁਲਾਜ਼ਮਾਂ ਦੇ ਸਿਰ 'ਤੇ ਲਟਕੀ ਤਲਵਾਰ
ਸ੍ਰੀ ਫ਼ਤਿਹਗੜ੍ਹ ਸਾਹਿਬ, 7 ਮਾਰਚ (ਸੁਰਜੀਤ ਸਿੰਘ ਸਾਹੀ): ਅੱਜ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ  ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ 'ਚ ਹੋਈਆਂ ਨਿਯੁਕਤੀਆਂ ਸਬੰਧੀ ਬਣਾਈ ਸਬ ਕਮੇਟੀ ਦੀ ਰੀਪੋਰਟ ਪ੍ਰਵਾਨ ਕਰ ਲਈ ਗਈ ਹੈ ਜਿਸ ਨਾਲ ਹਾਲ ਦੀ ਘੜੀ ਮੁਲਾਜ਼ਮਾਂ ਦੇ ਸਿਰ 'ਤੇ ਤਲਵਾਰ ਲਟਕ ਗਈ ਹੈ। ਮੀਟਿੰਗ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਸਬ ਕਮੇਟੀ ਦੀ ਰੀਪੋਰਟ ਨੂੰ ਘੋਖਣ ਉਪਰੰਤ ਨਿਯਮਾ ਵਿਰੁਧ ਜਾ ਕੇ ਕੀਤੀਆਂ ਗਈਆਂ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀਆਂ ਲੋਕਲ ਮੈਨੇਜਿੰਗ ਕਮੇਟੀਆਂ ਦਾ ਪੁਨਰ-ਗਠਨ ਕੀਤਾ ਜਾਵੇਗਾ ਅਤੇ ਵਿਦਿਅਕ ਅਦਾਰਿਆਂ 'ਚ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਪ੍ਰਣਾਲੀ ਨੂੰ ਲਾਗੂ ਕਰ ਕੇ ਇਸ ਨੂੰ ਮੁੱਖ ਦਫ਼ਤਰ ਅੰਮ੍ਰਿਤਸਰ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਗੁਰਦਵਾਰਿਆਂ ਵਿਖੇ ਲੋੜ ਅਨੁਸਾਰ ਗ੍ਰੰਥੀ, ਰਾਗੀ ਸਿੰਘਾਂ ਅਤੇ ਡਰਾਈਵਰਾਂ ਦੀ ਭਰਤੀ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਤਰੱਕੀਆਂ ਵੀ ਕੀਤੀਆਂ ਜਾਣਗੀਆਂ।

 ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ 2 ਲੱਖ 51 ਹਜ਼ਾਰ ਰੁਪਏ ਅਤੇ ਅੰਡਰ-19 'ਚ  ਸਿੱਖ ਖਿਡਾਰੀ ਅਰਸ਼ਦੀਪ ਸਿੰਘ ਨੂੰ 1 ਲੱਖ 25 ਹਜ਼ਾਰ ਰੁਪਏ ਦਾ ਨਾਲ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਪਾਰਕਾਂ ਵਿਚ 400 ਕਿਸਮਾਂ ਦੇ ਫੁਲ ਲਗਾਏ ਜਾਣਗੇ ਤੇ ਧਰਮ ਪ੍ਰਚਾਰ ਲਹਿਰ ਤਹਿਤ ਸੇਵਾ ਨਿਭਾ ਰਹੇ ਪ੍ਰਚਾਰਕਾਂ, ਢਾਡੀ ਕਵੀਸ਼ਰਾਂ ਨੂੰ ਤੇਲ ਖ਼ਰਚ ਵਜੋਂ 1000 ਰੁਪਏ ਮਹੀਨੇ ਵਿਸ਼ੇਸ਼ ਭੱਤਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮਨੀਕਰਨ ਦੀ ਯਾਤਰਾ 'ਤੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ 8 ਨੌਜਵਾਨਾਂ ਦੀ ਹਾਦਸੇ ਦੌਰਾਨ ਹੋਈ ਮੌਤ ਕਾਰਨ ਉਨ੍ਹਾਂ ਦੇ ਪਰਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਤੇ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ 50 ਹਜ਼ਾਰ ਰੁਪਏ ਇਲਾਜ ਲਈ ਦਿਤੇ ਜਾਣਗੇ।