ਚੰਡੀਗੜ੍ਹ, 16 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਥਕ ਰਾਜਨੀਤੀ ਵਿਚ ਅੱਜ ਉਸ ਸਮੇਂ ਵੱਡਾ ਇਤਿਹਾਸਕ ਮੋੜ ਆ ਗਿਆ ਜਦ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਮੌਕੇ ਜਲੰਧਰ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ 22 ਮੌਜੂਦਾ ਅਤੇ 7 ਸਾਬਕਾ ਮੈਂਬਰਾਂ ਨੇ ਅਹਿਮ ਫ਼ੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਵਿਚ ਵਿਰੋਧੀ ਧਿਰ ਦੀ ਸਥਾਪਨਾ ਕਰ ਦਿਤੀ। ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਜਿਨ੍ਹਾਂ 'ਤੇ ਆਖ਼ਰਕਾਰ ਅੱਜ ਅਮਲ ਹੋ ਗਿਆ।
ਜਲੰਧਰ ਵਿਚ ਅੱਜ ਲਗਾਤਾਰ 5 ਘੰਟੇ ਚੱਲੀ ਮੀਟਿੰਗ ਮਗਰੋਂ ਪ੍ਰੈਸ ਕਾਨਫ਼ਰੰਸ ਕਰ ਕੇ ਇਹ ਐਲਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਦਸਿਆ ਕਿ ਇਹ ਇਸ ਲਈ ਕਰਨਾ ਪਿਆ ਕਿਉਂਕਿ ਖ਼ਾਲਸਾ ਪੰਥ ਇਸ ਸਮੇਂ ਬਹੁਤ ਹੀ ਨਾਜ਼ੁਕ ਸਮੇਂ ਵਿਚੋਂ ਲੰਘ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਬਹੁਤ ਭਾਰੀ ਗਿਰਾਵਟ ਆ ਰਹੀ ਹੈ ਅਤੇ ਬਦਨਾਮੀ ਹੋ ਰਹੀ ਹੈ ਖ਼ਾਸਕਰ ਬਰਗਾੜੀ ਕਾਂਡ ਅਤੇ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਗੰਭੀਰ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ 'ਤੇ ਖਰੀ ਨਹੀਂ ਉਤਰੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਪਣੇ ਫ਼ਰਜ਼ਾਂ ਤੋਂ ਮੁਨਕਰ ਹੋ ਕੇ ਕੌਮ ਨੂੰ ਪਿੱਠ ਵਿਖਾ ਗਿਆ ਸੀ। ਸਿੱਖਾਂ ਦੇ ਦਰਦ ਵਿਚ ਕੋਈ ਸ਼ਰੀਕ ਨਹੀਂ ਹੋਇਆ। ਉਸ ਸਮੇਂ ਦੇ ਸ਼ੋਮਣੀ ਕਮੇਟੀ ਮੈਂਬਰਾਂ ਨੇ ਅਸਤੀਫ਼ੇ ਦਿਤੇ ਤੇ ਬਗ਼ਾਵਤ ਕੀਤੀ। ਅੱਜ ਉਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਨਿਰਣਾ ਲਿਆ। ਮੀਟਿੰਗ ਵਿਚ ਪਾਸ ਹੋਏ ਮਤੇ ਮੁਤਾਬਕ ਸੁਖਦੇਵ ਸਿੰਘ ਭੌਰ ਇਸ ਵਿਰੋਧੀ ਧਿਰ ਪੰਥਕ ਫ਼ਰੰਟ ਦੇ ਕਨਵੀਨਰ ਹੋਣਗੇ। 2. ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸਿੱਖ ਪ੍ਰਚਾਰਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੁੱਖ ਬੁਲਾਰੇ ਹੋਣਗੇ। 3. ਜਸਵੰਤ ਸਿੰਘ ਮੁੱਖ ਬੁਲਾਰੇ ਹੋਣਗੇ। ਇਸੇ ਤਰ੍ਹਾਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਹਰ ਅਹਿਮ ਫ਼ੈਸਲੇ ਲਏਗੀ ਜਿਸ ਵਿਚ ਖ਼ਾਸਕਰ 29 ਨਵੰਬਰ ਨੂੰ ਆ ਰਹੀ ਸਾਲਾਨਾ ਚੋਣ ਸਬੰਧੀ ਹੋਰ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਅਤੇ ਸਮੇਂ-ਸਮੇਂ 'ਤੇ ਅਹਿਮ ਫ਼ੈਸਲੇ ਲਏ ਜਾਣਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਪਹਿਲੀ ਵਾਰ ਇਸ ਤਰੀਕੇ ਨਾਲ ਇਕ ਧਿਰ ਸਥਾਪਤ ਕੀਤੀ ਗਈ ਹੈ ਜਿਸ ਦੇ ਅਹੁਦੇਦਾਰ ਬਣਾਏ ਗਏ ਹਨ। ਸਿੱਖ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ ਬਣਨ ਨਾਲ ਹੁਣ ਸ਼ੋ²੍ਰਮਣੀ ਕਮੇਟੀ ਅਪਣੀਆਂ ਆਪਹੁਦਰੀਆਂ ਨਹੀਂ ਚਲਾ ਸਕੇਗੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਲਈ ਚੰਗੀ ਸ਼ੁਰੂਆਤ ਕੀਤੀ ਜਾਵੇਗੀ ਤੇ ਅਕਾਲੀ ਦਲ ਲਈ ਇਹ ਬਹੁਤ ਵੱਡਾ ਝਟਕਾ ਹੈ। ਬੈਠਕ ਵਿਚ ਕੁਲਦੀਪ ਸਿੰਘ, ਸੁਰਜੀਤ ਗੜ੍ਹੀ ਆਦਿ ਸ਼੍ਰੋਮਣੀ ਕਮੇਟੀ ਹਾਜ਼ਰ ਸਨ। ਸੁਖਦੇਵ ਸਿੰਘ ਭੌਰ ਅਤੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਇਸ ਗਰੁਪ ਵਿਚ ਕੱਦਾਵਰ ਆਗੂ ਹਨ ਜਿਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਵੇਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।