ਸ਼੍ਰੋਮਣੀ ਕਮੇਟੀ ਦੀ ਵਿਰੋਧੀ ਧਿਰ ਗੁਰੂ ਘਰਾਂ ਦੇ ਚੌਕੀਦਾਰ ਦਾ ਰੋਲ ਅਦਾ ਕਰੇਗੀ : ਭਾਈ ਰੰਧਾਵਾ

ਪੰਥਕ, ਪੰਥਕ/ਗੁਰਬਾਣੀ



ਚੰਡੀਗੜ੍ਹ, 18 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵੱਡੇ ਗਰੁਪ ਵਲੋਂ ਫ਼ੈਸਲਾ ਕਰ ਕੇ ਵਿਰੋਧੀ ਧਿਰ ਦੀ ਸਥਾਪਨਾ ਕੀਤੀ ਹੈ ਉਸ ਦਾ ਮਕਸਦ ਇਕ ਚੌਕੀਦਾਰ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਵਿਚ ਸੇਵਾ ਕਰਨਾ ਹੈ ਜਿਸ ਮਕਸਦ ਨਾਲ ਹਜ਼ਾਰਾਂ ਸਿੱਖ ਸੰਗਤਾਂ ਵਲੋਂ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਿਸ ਕੰਮ ਲਈ ਨਾਲ ਚੋਣ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਅਪਣੇ ਨੈਤਿਕ ਫ਼ਰਜ਼ ਯਾਦ ਕਰਵਾਉਣ ਤੇ ਸੇਵਾਵਾਂ ਨਿਭਾਉਣ ਲਈ ਇਹ ਵਿਰੋਧੀ ਧਿਰ ਰੋਲ ਅਦਾ ਕਰੇਗੀ ।
ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਮੁੱਖ ਬੁਲਾਰੇ ਉਘੇ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਫ਼ਤਿਹਗੜ੍ਹ ਸਾਹਿਬ ਨੇ ਵਿਰੋਧੀ ਧਿਰ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਕਰਦਿਆਂ ਕੀਤਾ। ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਪਿਛਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵਲੋਂ ਡੇਰਾ ਸਿਰਸਾ ਦੀ ਮੁਆਫ਼ੀ ਸਮੇਂ ਉਸ ਤੀ ਬਾਅਦ ਅਕਾਲੀ ਸਰਕਾਰ ਦੇ ਰਾਜ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਘੋਰ ਅਪਮਾਨ ਤੇ ਬਾਅਦ ਵਿਚ ਬਰਗਾੜੀ ਵਿਚ ਬਿਨਾਂ ਵਜਾ ਗੋਲੀਆਂ ਚਲਾ ਕੇ ਸਰਕਾਰੀ ਸ਼ਹਿ 'ਤੇ ਅਨੇਕਾਂ ਸਿੱਖ ਫੱਟੜ ਤੇ 2 ਸ਼ਹੀਦ ਕਰ ਦਿਤੇ ਗਏ ਸਮੇਂ ਸ਼੍ਰੋਮਣੀ ਕਮੇਟੀ ਦਾ ਰੋਲ ਬਹੁਤ ਹੀ ਮੰਦਭਾਗਾ ਰਿਹਾ ਤੇ ਅਪਣੇ ਮੂਲ ਫ਼ਰਜ਼ ਅਦਾ ਕਰਨ ਤੋਂ ਵਿਹੂਣੀ ਰਹੀ ਜਿਸ ਕਾਰਨ ਸਮੁੱਚੇ ਸਿੱਖ ਜਗਤ ਵਿਚ ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਬਹੁਤ ਭਾਰੀ ਠੇਸ ਪਹੁੰਚੀ ਅਤੇ ਸਿੱਖਾਂ ਦੇ ਮਨਾਂ ਵਿਚ ਬਹੁਤ ਭਾਰੀ ਰੋਸ ਪੈਦਾ ਹੋਇਆ। ਉਸ ਸਮੇਂ ਜਾਗਦੀ ਜਮੀਰ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੱਡੇ ਪੱਧਰ 'ਤੇ ਰੋਸ ਵਜੋਂ ਅਸਤੀਫ਼ੇ ਵੀ ਦਿਤੇ, ਵਿਰੋਧ ਵੀ ਉਨ੍ਹਾਂ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਵਲੋਂ ਇਹ ਵਿਰੋਧੀ ਧਿਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਦੂਜੇ ਧਿਰਾਂ ਦੇ ਸ਼੍ਰੋਮਣੀ ਮੈਂਬਰ ਸਾਹਿਬਾਨ ਅਕਾਲੀ ਦਲ ਮਾਨ ਦਲ ਖ਼ਾਲਸਾ ਨਾਲ ਤੇ ਕੁੱਝ ਹੋਰ ਆਜ਼ਾਦ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਅਸੀ ਇਕੱਠੇ ਹੋ ਕੇ ਗੁਰੂ ਘਰਾਂ ਦੀਆਂ ਸੇਵਾਵਾਂ ਨਿਭਾ ਸਕੀਏ ।
ਹੋਰ ਵੀ ਬਹੁਤ ਗੰੰਭੀਰ ਮਾਮਲੇ ਹਨ ਜਿਵੇਂ ਪ੍ਰਬੰਧਕੀ ਢਾਂਚੇ ਵਿਚ ਗੁਰੂਘਰਾਂ ਵਿਚ ਪਿਛਲੇ ਸਮਿਆਂ ਵਿਚ ਵੱਡੇ ਪੱਧਰ 'ਤੇ ਮਾਇਆ ਦੀ ਲੁੱਟ ਅਤੇ ਹੇਰਾਫੇਰੀ ਕੀਤੀ। ਉਨ੍ਹਾਂ ਨਾਲ ਸਪੱਸ਼ਟ ਕੀਤਾ ਇਹ ਵਿਰੋਧੀ ਸ਼੍ਰੋਮਣੀ ਕਮੇਟੀ ਨਿਰੋਲ ਧਾਰਮਕ ਧਿਰ ਵਜੋਂ ਸੇਵਾਵਾਂ ਕਰੇਗੀ ਇਸ ਦਾ ਕੋਈ ਰਾਜਨੀਤਕ ਉਦੇਸ਼ ਨਹੀਂ ਹੋਵੇਗਾ ਕਿਉਂਕਿ ਸਿੱਖ ਸੰਗਤ ਨੇ ਸਾਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਲਈ ਚੁਣ ਕੇ ਭੇਜਿਆ ਹੈ । ਵਿਰੋਧੀ ਧਿਰ ਕੇਵਲ ਵਿਰੋਧ ਕਰਨ ਦਾ ਉਦੇਸ਼ ਨਹੀਂ ਹੋਵੇਗਾ ਜਿਥੇ ਸ਼੍ਰੋਮਣੀ ਕਮੇਟੀ ਕੋਈ ਪੰਥਕ ਹਿਤਾਂ ਦੇ ਕੰਮ ਕਰੇਗੀ ਤਾਂ ਉਸ ਦਾ ਸਵਾਗਤ ਵੀ ਕਰਾਂਗੇ, ਸਾਥ ਵੀ ਦੇਵਾਂਗੇ ਪ੍ਰੰਤੂ ਮਨਾਮਨੀ ਤਰੀਕੇ ਨਾਲ ਤੁਗਲਗੀ ਫ਼ੈਸਲੇ ਨਹੀਂ ਚਲਣ ਦਿਤੇ ਜਾਣਗੇ। ਉਨ੍ਹਾਂ ਦਾ ਡੱਟ ਕੇ ਵਿਰੋਧ ਕਰਾਂਗੇ। ਨਾਲ ਹੀ ਉਨ੍ਹਾਂ ਦਸਿਆ ਕਿ 29 ਨਵੰਬਰ ਨੂੰ ਆ ਰਹੀ ਸਾਲਾਨਾ ਚੋਣ ਲਈ ਅਤੇ ਹੋਰ ਮਾਮਲੇ ਵੀਚਾਰਨ ਲਈ ਇਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਸਮੇਂ ਸਮੇਂ ਜੁੜੇ ਮਾਮਲਿਆਂ 'ਤੇ ਫ਼ੈਸਲੇ ਕਰਿਆ ਕਰੇਗੀ।
ਇਕ ਅਹਿਮ ਫ਼ੈਸਲਾ ਇਹ ਵੀ ਕੀਤਾ ਗਿਆ ਜਿਹੜੇ ਸਿੱਖ ਕੌਮ ਵਿਚ ਇਸ ਸਮੇਂ ਵਾਦ-ਵਿਵਾਦ ਵਾਲੇ ਮਾਮਲੇ ਹਨ ਉਨ੍ਹਾਂ ਨੂੰ ਛੇੜਣ ਤੋਂ ਗੁਰੇਜ਼ ਕੀਤਾ ਜਾਵੇਗਾ ਤਾਕਿ ਕੌਮ ਵਿਚ ਕਿਸੇ ਪ੍ਰਕਾਰ ਦੀ ਹੋਰ ਦੁਬਿਧਾ ਪੈਦਾ ਨਾ ਹੋਵੇ।