ਫ਼ਤਿਹਗੜ੍ਹ ਸਾਹਿਬ, 27 ਅਕਤੂਬਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਜੋ ਕਿਸੇ ਸਮੇਂ ਪੰਥਕ ਜਥੇਬੰਦੀ ਵਜੋਂ ਜਾਂ ਪੰਥ ਵਜੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਅੱਜ ਉਸ ਦੀ ਹਾਲਤ ਬਦ ਤੋ ਬਦਤਰ ਕਿਉਂ ਹੋ ਗਈ ਅਤੇ ਕਿਉਂ ਅੱਜ ਕੌਮ ਵਿੱਚ ਜਥੇਦਾਰ ਕਲਚਰ ਆਪਣੇ ਅੰਤਿਮ ਸਵਾਸਾਂ ਤੇ ਪਹੁੰਚ ਗਿਆ ਹੈ । ਇਸ ਦੀ ਚਰਚਾ ਜਿਥੇ ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਦਲ ਵਿੱਚ ਆਏ ਨਿਘਾਰ ਵਜੋਂ ਕੀਤੀ ਜਾਂਦੀ ਹੈ ਉਥੇ ਅਕਾਲੀ ਦਲ ਵਿੱਚੋਂ ਮਰ ਚੁੱਕਿਆ ਪੰਥਕ ਜਜਬਾ ਵੀ ਜਿੰਮੇਵਾਰ ਹੈ। ਮੌਜੂਦਾ ਦੌਰ ਦੇ ਕਿਸੇ ਵੀ ਪ੍ਰਧਾਨ ਵੱਲੋਂ ਪੰਥਕ ਪਰਿਵਾਰਾਂ ਦੀ ਸਾਰ ਨਾ ਲੈਣਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਦਰ ਕਿਨਾਰ ਕਰਨਾ, ਜੇਲਾਂ ਕੱਟਣ ਵਾਲੇ ਅਕਾਲੀਆਂ ਦੀ ਅਣਦੇਖੀ, ਮੋਰਚਿਆਂ ਵਿੱਚ ਜਾਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਪ੍ਰਚਾਰਕ, ਰਾਗੀ, ਢਾਡੀ, ਸਿੱਖੀ ਸਰੂਪ ਵਾਲਿਆਂ ਨੂੰ ਅੱਖੋਂ ਪਰੋਖੇ ਕਰਨ ਲਈ ਮੌਜੂਦਾ ਦੌਰ ਦੀ ਅਕਾਲੀ ਲੀਡਰਸ਼ਿਪ ਜਿੰਮੇਵਾਰ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਦੋ ਅਜਿਹੀਆਂ ਜਥੇਬੰਦੀਆਂ ਸਨ ਜਿੰਨਾਂ ਤੋਂ ਅੱਜ ਵਾਲੀਆਂ ਸਰਕਾਰਾਂ ਤਾਂ ਕੀ ਅੰਗਰੇਜ ਵੀ ਭੈਅ ਖਾਂਦੇ ਸਨ । ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਬੇਹੱਦ ਸ਼ਲਾਘਾਯੋਗ ਅਤੇ ਸਤਿਕਾਰਯੋਗ ਹੁੰਦਾ ਸੀ । ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਹਰ ਸਿੱਖ ਇਲਾਹੀ ਹੁਕਮ ਮੰਨਦਾ ਸੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਦੀ ਸਿਰਮੌਰ ਅਤੇ ਸੁਪਰੀਮ ਪਾਵਰ ਕਰਕੇ ਜਾਣਿਆਂ ਜਾਂਦਾ ਸੀ । ਅਕਾਲੀ ਦਲ ਦੇ ਪੰਥਕ ਜਜਬਿਆਂ ਵਾਲੇ ਆਗੂਆਂ ਵਿੱਚ ਇਹ ਗੱਲ ਤੁਰੀ ਹੋਈ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਕਿਸੇ ਵੀ ਪ੍ਰਧਾਨ ਨੇ ਉਪਰੋਕਤ ਨਾਲ ਸਬੰਧਿਤ ਪਰਿਵਾਰਾਂ ਦੀ ਸਾਰ ਨਹੀਂ ਲਈ । ਇਸ ਦੀਆਂ ਇੱਕ ਨਹੀਂ ਕਈ ਉਦਾਹਰਨਾ ਹਨ ਜਿੱਥੇ ਪੰਥਕ ਪਰਿਵਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਰਤੀ ਕੀਤਾ ਗਿਆ ।
ਜੇਕਰ ਇਹ ਕਹਿ ਲਿਆ ਜਾਵੇ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੋਜਗਾਰ ਦਫਤਰ ਬਣਾ ਕੇ ਰੱਖ ਦਿੱਤਾ ਹੈ ਤਾਂ ਕੋਈ ਅਥਕਥਨੀ ਨਹੀਂ । ਇੱਥੇ ਸਪੱਸ਼ਟ ਕਰਦਿਆਂ ਕਿ ਮੈਨੂੰ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬਹੁਤ ਨਜਦੀਕ ਰਹਿਕੇ 25 ਸਾਲ ਉਨਾਂ ਨੂੰ ਨੇੜਿਉਂ ਜਾਣਨ ਦਾ ਮੌਕਾ ਮਿਲਿਆ ਹੈ ਕਿ ਉਨਾਂ ਦੀ ਸੋਚ ਕਿੱਥੇ ਖੜੀ ਸੀ । ਇੱਕ ਵਾਰ ਇੱਕ ਬੀਬੀ ਮਨਮੋਹਣ ਕੌਰ ਮਾਤਾ ਗੁਜਰੀ ਕਾਲਜ ਵਿੱਚ ਪ੍ਰੋਫੈਸਰ ਲੱਗਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਚੰਡੀਗੜ੍ਹ ਵਿੱਚ ਇੰਟਰਵਿਊ ਦੇਣ ਲਈ ਆਈ । ਜਿਸ ਅਹੁਦੇ ਲਈ ਬੀਬੀ ਮਨਮੋਹਣ ਕੌਰ ਇੰਟਰਵਿਉੂ ਦੇਣ ਆਈ ਸੀ ਉਹ ਸਥਾਨ ਤੇ ਪਹਿਲਾਂ ਹੀ ਇੱਕ ਬੀਬੀ ਐਡਹਾਕ ਤੌਰ ਤੇ ਨਿਯੁਕਤ ਹੋਈ ਹੋਈ ਸੀ । ਜਿਸ ਗੱਡੀ ਵਿੱਚ ਜਾ ਰਹੇ ਸੀ ਉਸ ਵਿੱਚ ਇੱਕ ਅਕਾਲੀ ਆਗੂ ਅਤੇ ਇੱਕ ਯੂਥ ਅਕਾਲੀ ਦਲ ਦਾ ਸੀਨੀਅਰ ਲੀਡਰ ਵੀ ਹਾਜਰ ਸੀ । ਉਨਾਂ ਵੱੋਲੋਂ ਆਪਣਾ ਅਤੇ ਹੋਰ ਲੋਕਾਂ ਦਾ ਵੇਰਵਾ ਦੇ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਕਿ ਉਸ ਬੀਬੀ ਨੂੰ ਤੁਸਂੀ ਅੱਜ ਪੱਕੀ ਨਿਯੁਕਤੀ ਦੇ ਦਵੋਂ ਤਾਂ ਬਹੁਤ ਵਧੀਆ ਗੱਲ ਹੈ ਜਥੇਦਾਰ ਟੌਹੜਾ ਨੇ ਕਿਹਾ ਕਿ ਠੀਕ ਹੈ ਏਦਾਂ ਹੀ ਹੋਵੇਗਾ । ਪਰ ਜਦੋਂ ਇੰਟਰਵਿਊ ਸ਼ੁਰੂ ਹੋਈ ਤਾਂ ਬੀਬੀ ਮਨਮੋਹਣ ਕੌਰ ਜਿਸ ਨੇ ਗਾਤਰੇ ਕਿਰਪਾਨ ਅਤੇ ਕੇਸਕੀ ਸਜਾਈ ਹੋਈ ਸੀ ਜਥੇਦਾਰ ਟੌਹੜਾ ਨੇ ਨਾਲ ਬੈਠੇ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਬੀਬੀ ਨੂੰ ਸਰਕਾਰ ਨੇ ਤਾਂ ਨੌਕਰੀ ਦੇਣੀ ਨਹੀਂ ਨਾ ਹੀ ਕਿਸੇ ਡੀ.ਏ.ਵੀ ਵਾਲਿਆਂ ਨੇ ਇਸ ਦੀ ਸਲੈਕਸ਼ਨ ਕਰਨੀ ਹੈ ਕਿਉਂ ਕਿ ਸਮਾਂ ਹੀ ਇਸ ਪਾਸੇ ਤੁਰ ਪਿਆ ਹੈ। ਸੋ ਜਥੇਦਾਰ ਟੌਹੜਾ ਨੇ ਉਸਦੇ ਸਿੱਖੀ ਸਰੂਪ ਦੀ ਕਦਰ ਕਰਦਿਆਂ ਉਸ ਨੂੰ ਨਿਯੁਕਤੀ ਪੱਤਰ ਦੇ ਦਿੱਤਾ । ਇਸੇ ਤਰਾਂ ਇੱਕ ਬੀਬੀ ਰਜਿੰਦਰ ਕੌਰ ਅਤੇ ਸਤਨਾਮ ਕੌਰ ਦੋ ਭੈਣਾਂ ਜਿੰਨਾਂ ਵਿੱਚੋਂ ਰਜਿੰਦਰ ਕੌਰ ਪ੍ਰੋਫੈਸਰ ਦੇ ਪਦ ਲਈ ਇੰਟਰਵਿਊ ਦੇਣ ਆਈ ਸੀ ਉਨਾਂ ਦੋਵਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅੱਗੇ ਆ ਕੇ ਕਿਹਾ ਕਿ ਪ੍ਰਧਾਨ ਸਾਹਿਬ ਸਾਡੀ ਗੱਲ ਸੁਣ ਲਵੋ, ਕਰਿÀ ਜੋ ਮਰਜੀ । ਜਥੇਦਾਰ ਟੌਹੜਾ ਨੇ ਕਿਹਾ ਕਿ ਬੀਬਾ ਤੁਸੀਂ ਇੰਟਰਵਿਊ ਦਿਉ ਬਾਅਦ ਵਿੱਚ ਦੇਖਦੇ ਹਾਂ । ਇਹ ਬੀਬੀਆਂ ਉਸ ਪਰਿਵਾਰ ਵਿੱਚੋਂ ਸਨ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਹੁਤ ਨਜਦੀਕੀ ਸੀ ਅਤੇ ਇਸ ਪਰਿਵਾਰ ਦਾ ਇੱਕ ਮੈਂਬਰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੋਹਰਲੀਆਂ ਸਫਾਂ ਦਾ ਆਗੂ ਸੀ ਜਿਸ ਕਰਕੇ ਇਸ ਪਰਿਵਾਰ ਨੂੰ ਘੋਰ ਤਸ਼ੱਦਦ ਝੱਲਣਾ ਪਿਆ । ਬੀਬੀ ਰਜਿੰਦਰ ਕੌਰ ਉਸ ਫੇਡਰੇਸ਼ਨ ਵਾਲੇ ਆਗੂ ਦੀ ਧਰਮ ਪਤਨੀ ਸੀ ਅਤੇ ਯੋਗਤਾ ਵੀ ਰੱਖਦੀ ਸੀ ਜਿਸ ਨੂੰ ਜਥੇਦਾਰ ਟੌਹੜਾ ਦੀ ਪੰਥਕ ਸੋਚ ਨੇ ਸਲੂਟ ਕੀਤਾ।