ਚੰਡੀਗੜ੍ਹ, 3 ਨਵੰਬਰ (ਜੀ.ਸੀ. ਭਾਰਦਵਾਜ): ਨਵੰਬਰ ਮਹੀਨਾ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਕਿਆਸਅਰਾਈਆਂ ਲੱਗਣ ਨਾਲ ਸਿੱਖਾਂ ਵਿਚ ਵਿਸ਼ੇਸ਼ ਕਰ ਕੇ ਕਮੇਟੀ ਮੈਂਬਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਗੁਰਦਵਾਰਾ ਐਕਟ 1925 ਮੁਤਾਬਕ ਜਨਰਲ ਹਾਊਸ ਨੇ ਇਕ ਅਕਤੂਬਰ ਤੋਂ 20 ਨਵੰਬਰ ਤਕ ਹਰ ਸਾਲ ਪ੍ਰਧਾਨ ਦੀ ਚੋਣ, ਨਵੇਂ ਜਾਂ ਪੁਰਾਣੇ ਨਾਂਅ 'ਤੇ ਮੋਹਰ ਲਗਾਉਣੀ ਹੁੰਦੀ ਹੈ। ਇਸ ਵਾਰ ਵੀ ਇਨ੍ਹਾਂ ਅੰਦਾਜ਼ਿਆਂ ਵਿਚ 185 ਮੈਂਬਰੀ ਹਾਊਸ ਦੀ 15 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਬੈਠਕ ਪਟਿਆਲਾ ਵਿਚ 6 ਨਵੰਬਰ ਯਾਨੀ ਦੋ ਦਿਨ ਬਾਅਦ ਸੋਮਵਾਰ ਨੂੰ ਹੋਵੇਗੀ ਜੋ ਅੱਗੋਂ 29 ਨਵੰਬਰ ਨੂੰ ਜਨਰਲ ਹਾਊਸ ਦੀ ਬੈਠਕ ਕਰਨ ਦਾ ਫ਼ੈਸਲਾ ਲਵੇਗੀ ਕਿਉਂਕਿ ਇਸ ਮੀਟਿੰਗ ਵਾਸਤੇ ਘਟੋ-ਘੱਟ 21 ਦਿਨ ਦਾ ਨੋਟਿਸ ਜ਼ਰੂਰੀ ਹੁੰਦਾ ਹੈ। ਸੋਮਵਾਰ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਚ ਹੋਵੇਗੀ। ਇਸ ਵਿਚ ਹੋਰ ਫ਼ੈਸਲਿਆਂ ਤੋਂ ਇਲਾਵਾ ਬੁਧਵਾਰ 29 ਨਵੰਬਰ ਦੀ ਜਨਰਲ ਹਾਊਸ ਦੀ ਬੈਠਕ ਬਾਰੇ ਵੀ ਤੈਅ ਕੀਤਾ ਜਾਵੇਗਾ। ਇਹ ਅੰਮ੍ਰਿਤਸਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ 28 ਨਵੰਬਰ ਮੰਗਲਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਦਲ ਦੇ ਚੁਣੇ ਹੋਏ ਤੇ ਨਾਮਜ਼ਦ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਏ ਲੈਣ ਲਈ ਬੈਠਕ ਬੁਲਾ ਲਈ ਹੈ। ਇਹ ਮੈਂਬਰ ਇਕੱਲੇ-ਇਕੱਲੇ ਵੀ ਪਾਰਟੀ ਪ੍ਰਧਾਨ ਨੂੰ ਮਿਲਣਗੇ।
ਦੋ ਦਿਨ ਪਹਿਲਾਂ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਪੰਜ ਵਾਰ ਮੁੱਖ ਮੰਤਰੀ ਰਹੇ 91 ਸਾਲਾ ਪਰਕਾਸ਼ ਸਿੰਘ ਬਾਦਲ ਨੇ ਦਸਿਆ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਪੜ੍ਹੇ-ਲਿਖੇ, ਸੁਲਝੇ ਹੋਏ, ਗੁਰਬਾਣੀ ਦੇ ਗਿਆਤਾ ਅਤੇ ਧਾਰਮਕ ਸ਼ਖ਼ਸੀਅਤ ਹਨ। ਇਹ ਪੁੱਛੇ ਜਾਣ 'ਤੇ ਕਿ ਪ੍ਰਧਾਨ ਉਹੀ ਜਾਰੀ ਰਹਿਣਗੇ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਪਾਰਟੀ ਹੀ ਫ਼ੈਸਲਾ ਕਰੇਗੀ।