ਤਰਨਤਾਰਨ, 28 ਨਵੰਬਰ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ਵਿਚ ਹੋਣ ਵਾਲੀ ਚੋਣ ਹੋਣ ਵਿਚ ਕੁੱਝ ਘੰਟੇ ਬਾਕੀ ਰਹਿ ਗਏ ਹਨ ਅਤੇ ਇਸ ਵਿਚ ਹੀ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਦੀ ਚੋਣ ਹੋਵੇਗੀ। ਇਸ ਹਾਊਸ ਵਿਚ ਬੇਸ਼ਕ ਬਾਦਲ ਦਲ ਦੇ ਵਿਰੋਧੀ ਫ਼ਰੰਟ ਕਾਇਮ ਹੋ ਚੁੱਕੇ ਜਾਣ ਦੀਆਂ ਖ਼ਬਰਾਂ ਹਵਾ ਵਿਚ ਹਨ ਤੇ ਮਨਿੰਆ ਜਾ ਰਿਹਾ ਹੈ ਕਿ ਬਾਦਲ ਦਲ ਦੇ ਉਮੀਦਵਾਰ ਨੂੰ ਇਸ ਵਾਰ ਪ੍ਰਧਾਨਗੀ ਦਾ ਤਾਜ ਆਸਾਨੀ ਨਾਲ ਨਹੀਂ ਮਿਲ ਸਕੇਗਾ ਪਰ ਵਿਰੋਧੀ ਧਿਰ ਦੇ ਮੈਂਬਰ ਅਪਣੀ ਧਿਰ ਦੀ ਕਾਰਗੁਜ਼ਾਰੀ ਤੋ ਸੰਤੁਸ਼ਟ ਨਹੀਂ ਹਨ। ਅਪਣਾ ਨਾਂਅ ਨਾ ਛਾਪੇ ਜਾਣ ਦੀ ਸ਼ਰਤ 'ਤੇ ਇਕ ਮੈਂਬਰ ਨੇ ਦਸਿਆ ਕਿ ਵਿਰੋਧੀ ਧਿਰ ਦੀ ਅਗਵਾਈ ਉਸ ਵਿਅਕਤੀ ਦੇ ਹੱਥ ਵਿਚ ਹੈ ਜੋ ਖ਼ੁਦ 15 ਸਾਲ ਤਕ ਬਾਦਲਾਂ ਦੇ ਲਿਫ਼ਾਫ਼ੇ ਵਿਚੋਂ ਨਿਕਲਦਾ ਰਿਹਾ ਹੈ। ਉਕਤ ਮੈਂਬਰ ਮੁਤਾਬਕ ਹਾਊਸ ਪੰਥਕ ਮਾਮਲਿਆਂ ਨੂੰ ਲੈ ਕੇ ਇਕਜੁੱਟ ਨਹੀਂ ਹੈ। ਮੈਂਬਰ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਦੀ ਅਗਵਾਈ ਕਰਨ ਵਾਲਾ ਆਗੂ ਅਪਣੀ ਨੀਤੀ ਹੀ ਸਪੱਸ਼ਟ ਨਹੀਂ ਕਰਦਾ। ਵਿਰੋਧੀ ਧਿਰ ਦੇ ਆਗੂ ਸ. ਸੁਖਦੇਵ ਸਿੰਘ ਭੌਰ 'ਤੇ ਇਤਰਾਜ ਕਰਦਿਆਂ ਉਕਤ ਮੈਂਬਰ ਨੇ ਕਿਹਾ ਕਿ ਸ. ਭੌਰ ਅਪਣੇ 20 ਸਾਲ ਦੇ ਰੀਪੋਰਟ ਕਾਰਡ ਨੂੰ ਪੰਥ ਦੇ ਅੱਗੇ ਰੱਖਣ ਤਾਕਿ ਪਤਾ ਲੱਗ ਸਕੇ ਕਿ ਸ. ਭੌਰ ਨੇ ਹੁਣ ਤਕ ਕੀ ਅਜਿਹਾ ਕੀਤਾ ਹੈ ਜਿਸ 'ਤੇ ਪੰਥ ਮਾਣ ਕਰ ਸਕੇ। ਉਕਤ ਮੈਂਬਰ ਨੇ ਕਿਹਾ ਕਿ 15 ਸਾਲ ਤਕ ਸ਼੍ਰੋਮਣੀ ਕਮੇਟੀ ਵਿਚ ਜੋ-ਜੋ ਗ਼ਲਤ ਕੰਮ ਹੋÂੈ ਉਨ੍ਹਾਂ ਬਾਰੇ ਸ. ਭੌਰ ਭਲੀ ਭਾਤ ਜਾਣੂ ਰਹੇ ਪਰ ਸੱਭ ਕੁੱਝ ਵੇਖ ਕੇ ਚੁੱਪ ਰਹੇ। ਕਈ ਵਿਅਕਤੀਆਂ ਦੀਆਂ ਯੋਗਤਾ ਪੂਰੀ ਕਰਨ ਦੀ ਸ਼ਰਤ ਵੀ ਪੂਰੀ ਨਾ ਹੋਣ ਅਤੇ ਗ਼ਲਤ ਨਿਯੁਕਤੀਆਂ ਦੇ ਬਾਵਜੂਦ ਸ. ਭੌਰ ਚੁੱਪ ਰਹੇ। ਹੁਣ ਅਚਾਨਕ ਸ. ਭੌਰ ਨੂੰ ਸ਼੍ਰੋਮਣੀ ਕਮੇਟੀ ਵਿਚ ਸੱਭ ਗ਼ਲਤ ਨਜ਼ਰ ਆ ਰਿਹਾ ਹੈ। 20 ਸਾਲ ਤਕ ਸ. ਭੌਰ ਕਮੇਟੀ ਵਿਚ ਅਹਿਮ ਅਹੁਦਿਆਂ 'ਤੇ ਰਹੇ। ਸ. ਭੌਰ ਪੰਥ ਨੂੰ ਦਸਣ ਕਿ ਜਿਸ-ਜਿਸ ਮਾਮਲੇ ਵਿਚ ਉਨ੍ਹਾਂ ਆਵਾਜ਼ ਬੁਲੰਦ ਕੀਤੀ, ਉਸ ਦਾ ਹੋਇਆ ਕੀ। ਇਸ ਸੰਬਧੀ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਮੈਂਬਰ ਸ. ਹਰਦੀਪ ਸਿੰਘ ਮੋਹਾਲੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਵਿਰੋਧੀ ਧਿਰ ਵਿਚ ਤਾਂ ਹਨ ਪਰ ਭੌਰ ਫ਼ਰੰਟ ਨਾਲ ਨਹੀਂ ਹਨ ਤੇ ਭੌਰ ਫ਼ਰੰਟ ਤੇ ਵਿਸ਼ਵਾਸ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭੌਰ ਫ਼ਰੰਟ ਨਾਨਕਸ਼ਾਹੀ ਕੈਲੰਡਰ ਬਾਰੇ ਅਪਣੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਸ. ਭੌਰ ਦੇ ਸਾਥੀ ਸਾਰਾ ਸਾਲ ਬਾਦਲ ਦਲ ਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਚੋਣ ਸਮੇਂ ਅਪਣਾ ਵਜ਼ਨ ਵਧਾਉਂਣ ਲਈ ਰੌਲਾ ਪਾ ਲੈਂਦੇ ਹਨ। ਸ਼੍ਰੋਮਣੀ ਕਮੇਟੀ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਨੂੰ ਇਕ ਅਜਿਹੇ ਵਿਅਕਤੀ ਦੀ ਅਗਵਾਈ ਦੀ ਲੋੜ ਹੈ ਜੋ ਕਮੇਟੀ ਦੇ ਮੈਂਬਰਾਂ ਵਿਚ ਤਾਲਮੇਲ ਠੀਕ ਕਰ ਸਕੇ।