ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਿਚਾਲੇ ਬਣੇ ਟਕਰਾਅ ਵਾਲੇ ਹਾਲਾਤ

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 21 ਨਵੰਬਰ (ਚਰਨਜੀਤ ਸਿੰਘ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਗਏ ਹਨ। ਇਹ ਹਾਲਾਤ ਕਿਸੇ ਹੋਰ ਨੇ ਨਹੀਂ ਬਲਕਿ ਅਕਾਲ ਤਖ਼ਤ ਦੇ ਸੇਵਾਦਾਰ ਗਿ. ਗੁਰਬਚਨ ਸਿੰਘ ਨੇ ਬਣਾਏ ਹਨ। 13 ਨਵੰਬਰ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਹੋਈ ਮੀਟਿੰਗ ਵਿਚ ਗਿ. ਗੁਰਬਚਨ ਸਿੰਘ ਨੇ ਅਪਣੇ ਹੀ ਲਿਖੇ ਪੱਤਰ ਦੇ ਜਵਾਬ ਵਿਚ  ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਟਿਚ ਜਾਣਦਿਆਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ 25 ਦਸੰਬਰ ਨੂੰ ਹੀ ਮਨਾਏ ਜਾਣ ਦਾ 'ਇਲਾਹੀ ਫੁਰਮਾਨ' ਜਾਰੀ ਕੀਤਾ ਸੀ ਹਾਲਾਂਕਿ ਗਿ. ਗੁਰਬਚਨ ਸਿੰਘ ਜਾਣਦੇ ਹਨ ਕਿ ਉਸ ਸਮੇਂ ਵਿਚ ਪੰਥ ਸ਼ਹੀਦੀ ਸਪਤਾਹ ਮਨਾਉਂਦਾ ਹੈ। ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਖ਼ੁਦ ਗਿ. ਗੁਰਬਚਨ ਸਿੰਘ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖ ਕੇ ਇਸ ਪੁਰਬ ਦੀ ਤਰੀਕ ਬਦਲਣ ਬਾਰੇ ਕਹਿ ਰਹੇ ਹਨ। ਸਕਤਰੇਤ ਅਕਾਲ ਤਖ਼ਤ ਵਲੋਂ ਲਿਖੇ ਪੱਤਰ ਨੰਬਰ ਦੀ ਸ਼ਬਦਾਵਲੀ ਦਸਦੀ ਹੈ ਕਿ ਜਥੇਦਾਰ ਖ਼ੁਦ ਵੀ ਤਰੀਕ ਬਦਲੇ ਜਾਣ ਦੇ ਹੱਕ ਵਿਚ ਸਨ ਪਰ ਅਚਾਨਕ ਅਜਿਹਾ ਕੀ ਵਾਪਰ ਗਿਆ ਕਿ ਜਥੇਦਾਰ ਅਪਣੇ ਹੀ ਫ਼ੈਸਲੇ ਤੋਂ ਉਲਟ ਚਲੇ ਗਏ। ਪੱਤਰ ਵਿਚ ਕਿਹਾ ਸੀ ਕਿ ਗਿ. ਗੁਰਬਚਨ ਸਿੰਘ ਦੇ ਆਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਜਾਂਦਾ ਹੈ 

ਕਿ 'ਲੁਧਿਆਣਾ ਦੀਆਂ ਸੰਗਤਾਂ ਵਲੋਂ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ 2017 ਨੂੰ ਮਨਾਏ ਜਾਣ ਸਬੰਧੀ ਉਠਾਏ ਇਤਰਾਜ਼ ਦੇ ਮੱਦੇਨਜ਼ਰ ਕੈਲੰਡਰ ਸਲਾਹਕਾਰ ਕਮੇਟੀ ਇਸ ਸਬੰਧੀ ਪੜਤਾਲ ਕਰ ਕੇ, ਅਗਲੇਰੀ ਤਰੀਕ ਤੈਅ ਕਰ ਕੇ ਅਕਾਲ ਤਖ਼ਤ ਨੂੰ ਜਾਣੂੰ ਕਰਵਾਏ। ਅਕਾਲ ਤਖ਼ਤ ਦੇ ਪੱਤਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਦੇ ਸਕਤਰੇਤ ਨੂੰ ਮੀਟਿੰਗ ਤੋਂ ਤਕਰੀਬਨ 15 ਦਿਨ ਪਹਿਲਾਂ ਹੀ ਇਕ ਪੱਤਰ ਲਿਖ ਕੇ ਨਵੀ ਤਰੀਕ ਤੋਂ ਜਾਣੂ ਕਰਵਾਇਆ ਗਿਆ ਕਿ ਸੰਗਤ ਵਿਚ ਪ੍ਰਕਾਸ ਪੁਰਬ ਦੀ ਇਸ ਤਰੀਕ ਨੂੰ ਲੈ ਕੇ ਰੋਸ ਦੀ ਭਾਵਨਾ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਅਪਣੀ 6 ਨਵੰਬਰ ਦੀ ਮੀਟਿੰਗ ਵਿਚ ਮਤਾ ਵੀ ਪਾਸ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ 2018 ਨੂੰ ਮਨਾਇਆ ਜਾਵੇ। ਕਮੇਟੀ ਵਲੋਂ ਲਿਖੇ ਪੱਤਰ ਦੇ ਜਵਾਬ ਵਿਚ  ਸ਼੍ਰੋਮਣੀ ਕਮੇਟੀ ਦਫ਼ਤਰ ਨੂੰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ 2018 ਨੂੰ ਮਨਾਏ ਜਾਣ ਬਾਰੇ ਗਿ. ਗੁਰਬਚਨ ਸਿੰਘ ਵਲੋਂ ਸ੍ਰੋਮਣੀ ਕਮੇਟੀ ਨੂੰ ਭੇਜੀ ਸਹਿਮਤੀ/ਸੁਝਾਅ ਦਾ ਵਰਨਣ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਮਿਤੀ 6 ਨਵੰਬਰ  ਕਰਦੀ ਹੈ ਤੇ ਪ੍ਰਕਾਸ਼ ਪੁਰਬ 5 ਜਨਵਰੀ 2018 ਨੂੰ ਮਨਾਏ ਜਾਣ ਦਾ ਫ਼ੈਸਲਾ ਲਿਆ ਜਾਂਦਾ ਹੈ।