ਅੰਮ੍ਰਿਤਸਰ, 15 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖਾਂ ਦੀ ਸੱਭ ਤੋਂ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਾ ਮਸਲਾ ਗੰਭੀਰ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀਆਂ ਸਰਗਰਮੀਆਂ ਵਿਰੁਧ ਅਤੇ ਸ਼੍ਰੋਮਣੀ ਕਮੇਟੀ ਵਲੋ ਗੰਭੀਰ ਮਸਲੇ ਦਾ ਨੋਟਿਸ ਨਾ ਲੈਣ ਵਿਰੁਧ ਕੁੱਝ ਸਰਕਰਦਾ ਮੈਂਬਰਾਂ ਨੇ ਬੈਠਕ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਵੀ ਹਨੋਰਾ ਸੁੱਟਦਿਆਂ ਕਿਹਾ ਕਿ ਉਨ੍ਹਾਂ ਨੇ ਸਾਬਕਾ ਅਕਾਲੀ ਵਜ਼ੀਰ ਸੁੱਚਾ ਸਿੰਘ ਲੰਗਾਹ ਵਾਂਗ ਚੱਢੇ ਨੂੰ ਸਿੱਖੀ ਵਿਚੋਂ ਖ਼ਾਰਜ ਕਿਉਂ ਨਹੀਂ ਕੀਤਾ? ਬੈਠਕ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ, ਭਾਗ ਸਿੰਘ ਅਣਖੀ ਸਾਬਕਾ ਆਨਰੇਰੀ ਸਕੱਤਰ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਰਾਜ ਸਭਾ ਮੈਂਬਰ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਐਮ ਐਲ ਏ, ਅਜਾਇਬ ਸਿੰਘ ਅਭਿਆਸੀ, ਨਿਰਮਲ ਸਿੰਘ, ਅਵਤਾਰ ਸਿੰਘ, ਹਰੀ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ ਭੋਆ, ਜੋਗਿੰਦਰ ਸਿੰਘ ਢਿੱਲੋਂ ਆਦਿ ਸ਼ਾਮਲ ਹੋਏ। ਭਾਗ ਸਿੰਘ ਅਣਖੀ ਤੇ ਉਕਤ ਸ਼ਖ਼ਸੀਅਤਾਂ ਕਿਹਾ ਕਿ ਪਿਛਲੇ ਦਿਨੀ ਚਰਚਿਤ ਹੋਈ ਅਸ਼ਲੀਲ ਵੀਡੀਉ ਕਾਰਨ ਸਿੱਖਾਂ ਦੀ 115 ਸਾਲ ਪੁਰਾਣੀ ਧਾਰਮਕ ਤੇ ਵਿਦਿਅਕ ਸੰਸਥਾ ਨੂੰ ਚਰਨਜੀਤ ਸਿੰਘ ਚੱਢਾ ਨੇ ਜੋ ਕਲੰਕ ਲਾਇਆ, ਉਸ ਬਾਰੇ ਵਿਚਾਰਾਂ ਕੀਤੀਆਂ। ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਸੀ ਕਿ ਉਹ ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦੀ ਅਤੇ ਚਰਨਜੀਤ ਸਿੰਘ ਚੱਢਾ ਨੂੰ ਲੰਗਾਹ ਵਾਂਗ ਸਿੱਖੀ ਵਿਚੋ ਖ਼ਾਰਜ ਕਰਨ ਦਾ ਮਤਾ ਪਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜਦੀ ਪਰ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕਰਦੇ ਹਨ ਕਿ ਇਸ ਗੰਭੀਰ ਮਸਲੇ ਪ੍ਰਤੀ ਅਣਗਹਿਲੀ ਨਾਂ ਵਰਤੀ ਜਾਵੇ, ਨਹੀਂ ਤਾਂ ਸਿੱਖ ਸੰਗਤ ਅਤੇ ਇਤਿਹਾਸ ਸਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਚੀਫ਼ ਖਾਲਸਾ ਦੀਵਾਨ ਵਲੋਂ 6 ਫ਼ਰਵਰੀ ਨੂੰ ਕਾਰਜਕਾਰੀ ਮੈਂਬਰਾਂ ਦੀ ਅਹਿਮ ਬੈਠਕ ਬੁਲਾਈ ਹੈ। ਦੂਜੇ ਪਾਸੇ ਅਕਾਲ ਤਖ਼ਤ ਵਿਖੇ ਜਥੇਦਾਰਾਂ ਦੀ ਬੈਠਕ 23 ਜਨਵਰੀ ਨੂੰ ਹੋ ਰਹੀ ਹੈ ਜਿਸ ਵਿਚ ਚਰਨਜੀਤ ਸਿੰਘ ਚੱਢਾ ਨੂੰ ਤਲਬ ਕੀਤਾ ਗਿਆ ਹੈ ਪਰ ਹੈਰਾਨਗੀ ਇਹ ਹੈ ਕਿ ਚਰਨਜੀਤ ਸਿੰਘ ਚੱਢਾ ਨੇ ਅਪਣੀ ਪ੍ਰਧਾਨਗੀ ਬਚਾਉਣ ਲਈ ਫਿਰ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਵਿਰੁਧ ਪਰਾਈ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਅਤੇ ਅਦਾਲਤ ਨੇ 10 ਦਿਨਾਂ ਲਈ ਚੱਢਾ ਨੂੰ ਰਾਹਤ ਦਿਤੀ ਹੈ ਤਾਕਿ ਹੋ ਰਹੀ ਜਾਂਚ ਵਿਚ ਉਹ ਸ਼ਾਮਲ ਹੋ ਕੇ ਅਪਣਾ ਪੱਖ ਪੇਸ਼ ਕਰ ਸਕਣ। ਇਹ ਵੀ ਚਰਚਾ ਹੈ ਕਿ ਪਰਦੇ ਪਿੱਛੇ ਚੱਢਾ ਦੇ ਪੱਖ ਵਿਚ ਸਰਗਰਮੀਆਂ ਸ਼ੁਰੂ ਹਨ ਜਿਸ ਵਿਚ ਕਾਂਗਰਸ ਦੇ 2 ਐਮਐਲਏ ਸ਼ਰੇਆਮ ਸਾਥ ਦੇ ਰਹੇ ਹਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਚੱਢਾ ਵਿਰੁਧ ਪਰਚਾ ਦਰਜ ਹੋਣ ਤੋਂ ਬਾਅਦ ਉਹ ਰੂਪੋਸ਼ ਹੋ ਗਏ ਸਨ ਪਰ ਉਨ੍ਹਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਖੁਦਕੁਸ਼ੀ ਕਰਨ ਬਾਅਦ ਉਹ ਜ਼ਮਾਨਤ ਤੇ ਲੈ ਕੇ ਉਹ ਦੀਆਂ ਆਖ਼ਰੀ ਰਸਮਾਂ ਵਿਚ ਸ਼ਾਮਲ ਹੋਏ ਸਨ ਅਤੇ ਅਦਾਲਤ ਨੂੰ ਪਹੁੰਚ ਕਰ ਕੇ 10 ਦਿਨ ਦੀ ਅੰਤ੍ਰਿਮ ਜ਼ਮਾਨਤ ਲੈ ਲਈ ਹੈ।