ਸ਼੍ਰੋਮਣੀ ਕਮੇਟੀ ਵਲੋਂ ਸੰਗਤ ਨੂੰ ਇਕ ਹੋਰ ਤੋਹਫ਼ਾ : ਦਰਬਾਰ ਸਾਹਿਬ ਦਾ ਬਰਾਂਡੇ ਵਾਲਾ ਰਸਤਾ ਬੰਦ, ਸੰਗਤਾਂ 'ਚ ਰੋਸ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 28 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਬਰਾਂਡੇ ਵਾਲਾ ਰਸਤਾ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਵਾਲੀ ਥਾਂ ਜਿਥੋਂ ਸੰਗਤ ਮੱਥਾ ਟੇਕ ਕੇ ਬਾਹਰ ਨਿਕਲਦੀ ਹੈ, ਦਾ ਰਸਤਾ ਬੰਦ ਕਰ ਦਿਤਾ ਹੈ ਜਿਸ ਕਾਰਨ ਸੰਗਤ ਨੂੰ ਹੁਣ ਇਕ ਛੋਟੇ ਰਸਤੇ ਰਾਹੀਂ ਹਰਿ ਕੀ ਪੌੜੀ ਵਾਲੇ ਪਾਸਿਉਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋ ਹੁਣ ਤਕ ਕਾਰ ਸੇਵਾ ਦੇ ਨਾਂਅ 'ਤੇ ਕਈ ਇਤਿਹਾਸਕ ਯਾਦਾਂ ਖ਼ਤਮ ਕਰ ਦਿਤੀਆਂ ਹਨ ਜਿਨ੍ਹਾਂ ਵਿਚ ਇਤਿਹਾਸਕ ਬੁੰਗੇ ਵੀ ਸ਼ਾਮਲ ਹਨ। ਅੱਜ ਇਕ ਬੁੰਗਾ ਰਾਮਗੜ੍ਹੀਆ ਭਾਈਚਾਰੇ ਦੇ ਸੰਘਰਸ਼ ਕਰ ਕੇ ਬਦੌਲਤ ਬਚਿਆ ਹੈ। ਇਸੇ ਤਰ੍ਹਾਂ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਬਹੁਤ ਸਾਰੇ ਇਤਿਹਾਸਕ ਬਜ਼ਾਰ ਸੁੰਦਰਤਾ ਦੇ ਨਾਂਅ 'ਤੇ ਸਰਕਾਰ ਨੇ ਗਲਿਆਰੇ ਦੀ ਉਸਾਰੀ ਕਰ ਕੇ ਉਜਾੜ ਦਿਤੇ ਪਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਨਹੀਂ ਕਰ ਸਕਿਆ। ਬੀਤੇ ਦਸ ਸਾਲਾਂ ਦੇ ਅਰਸੇ ਦੌਰਾਨ ਅਕਾਲੀ ਸਰਕਾਰ ਨੇ ਖ਼ੁਦ ਵਿਕਾਸ ਦੇ ਨਾਂਅ ਤੇ ਘੰਟਾ ਘਰ ਵਾਲੇ ਪਾਸੇ ਵਾਲਾ ਬਾਜ਼ਾਰ ਢਾਹ ਕੇ ਉਸ ਥਾਂ ਵੀ ਪੱਥਰ ਲਾ ਦਿਤਾ ਹੈ ਜਿਹੜਾ ਗਰਮੀਆਂ ਵਿਚ ਪੂਰੀ ਤਰ੍ਹਾਂ ਤਪ ਜਾਂਦਾ ਹੈ ਤੇ ਸੰਗਤ ਲਈ ਪ੍ਰੇਸ਼ਾਨੀ ਪੈਦਾ ਕਰਦਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਆਉਂਦੇ ਵੀਵੀਆਈਪੀਜ਼ ਨੂੰ ਰੋਕਣ ਲਈ ਅਜਿਹਾ ਕੀਤਾ ਗਿਆ ਹੈ। ਸੰਗਤ 'ਚ ਭਾਰੀ ਰੋਸ ਹੈ। ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦਰਬਾਰ ਸਾਹਿਬ ਦੇ ਰਸਤੇ ਬੰਦ ਕਰੇ।
ਪੰਥਕ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਦਰਬਾਰ ਸਾਹਿਬ ਨੂੰ ਆਉਣ ਵਾਲੇ ਰਸਤਿਆ ਵਿਚ ਜੇਕਰ ਪ੍ਰਸ਼ਾਸਨ ਕੋਈ ਸੁਰੱਖਿਆ ਨੂੰ ਲੈ ਕੇ ਜਾਂ ਲੋਕਾਂ ਦੀ ਸੁਵਿਧਾ ਨੂੰ ਲੈ ਕੇ ਕੋਈ ਰਸਤਾ ਬੰਦ ਕਰ ਦਿੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਵਾਲੇ ਸਰਕਾਰ ਨੂੰ ਬਦਨਾਮ ਕਰਨ ਲਈ ਕੋਠੇ 'ਤੇ ਚੜ੍ਹ ਕੇ ਰੌਲਾ ਪਾਉਣ ਵੀ ਗੁਰੇਜ਼ ਨਹੀਂ ਕਰਦੇ ਪਰ ਜਿਹੜਾ ਰਸਤਾ ਇਨ੍ਹਾਂ ਨੇ ਖ਼ੁਦ ਬੰਦ ਕਰ ਦਿਤਾ ਹੈ, ਉਸ ਬਾਰੇ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਸਿਰਫ਼ ਇਹ ਕਿਹਾ ਜਾ ਰਿਹਾ ਹੈ ਕਿ ਇਹ ਦਫਤਰ ਦੇ ਹੁਕਮ ਹਨ। ਦਰਬਾਰ ਸਾਹਿਬ ਵਿਚ ਪਿਛਲੇ ਸਮੇਂ ਜਦ ਮੀਨਾਕਾਰੀ ਨਵੇ ਸਿਰੇ ਤੋਂ ਕੀਤੀ ਸੀ ਤਾਂ ਉਸ ਸਮੇਂ ਕਈ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਕੰਧਾਂ 'ਤੇ ਬਣਾਈਆਂ ਸਨ ਤੇ ਰੌਲਾ ਪੈਣ 'ਤੇ ਤੱਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਸੀ ਕਿ ਇਹ ਤਸਵੀਰਾਂ ਪਹਿਲਾਂ ਹੀ ਬਣੀਆਂ ਸਨ, ਉਨ੍ਹਾਂ ਨੂੰ ਸਿਰਫ਼ ਗੂੜਾ ਹੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਤੇ ਕਿਸੇ ਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ ਪਰ ਜਿਹੜਾ ਮੁੱਖ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਰਸਤਾ ਬੰਦ ਕਰ ਦਿਤਾ ਗਿਆ ਹੈ ਹੁਣ ਕੀ ਉਹ ਜਾਇਜ਼ ਹੈ? ਇਹ ਰਸਤਾ ਬੰਦ ਹੋਣ ਨਾਲ ਮੱਥਾ ਟੇਕ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਨਿਕਲਣ ਵਾਲੀ ਸੰਗਤ ਹੁਣ ਉਪਰਲੀ ਮੰਜ਼ਲ 'ਤੇ ਨਹੀਂ ਜਾ ਸਕੇਗੀ। ਜੇ ਉਨ੍ਹਾਂ ਨੇ ਜਾਣਾ ਹੈ ਤਾਂ ਉਨ੍ਹਾਂ ਨੂੰ ਜਿਸ ਪਾਸੇ ਤੋਂ ਸੰਗਤ ਹੇਠਾਂ ਆਉਂਦੀ ਹੈ, ਉਨ੍ਹਾਂ ਪੌੜੀਆਂ ਦੀ ਵਰਤੋਂ ਕਰਨੀ ਪਵੇਗੀ।
ਸੂਤਰਾਂ ਅਨੁਸਾਰ ਇਹ 26 ਸਤੰਬਰ ਨੂੰ ਬਰਾਂਡੇ ਵਾਲਾ ਰਸਤਾ ਉਸ ਵੇਲੇ ਬੰਦ ਕਰ ਦਿਤਾ ਸੀ ਜਦ ਕਈ ਵਿਅਕਤੀ ਲਾਚੀ ਬੇਰੀ ਦੇ ਰਸਤੇ ਬਾਹਰ ਆਉਣ ਵਾਲੇ ਰਸਤੇ ਤੋਂ ਮੱਥਾ ਟੇਕਣ ਜਾ ਰਹੇ ਸਨ। ਉਹ ਹੁਣ ਮੁੱਖ ਦਵਾਰ ਦੇ ਰਸਤੇ ਮੱਥਾ ਨਹੀਂ ਟੇਕ ਸਕਣਗੇ। ਉਨ੍ਹਾਂ ਨੂੰ ਪਿਛਲੇ ਵਾਲੇ ਰਸਤੇ ਤੋਂ ਹੀ ਮੱਥਾ ਟੇਕਣ ਲਈ ਜਾਣਾ ਪਵੇਗਾ ਪਰ ਵੀਵੀਆਈਪੀਜ਼ ਨੂੰ ਸਿਰਫ਼ ਪੁੱਠੇ ਰਸਤਿਉਂ ਲੰਘਾ ਕੇ ਦਰਬਾਰ ਕੋਲੋਂ ਜੰਗਲਾ ਖੋਲ੍ਹ ਕੇ ਲੰਘਾ ਦਿਤਾ ਜਾਂਦਾ ਹੈ। ਜਾਣਕਾਰੀ ਮਿਲੀ ਹੈ ਕਿ ਇਕ ਸੂਚਨਾ ਅਧਿਕਾਰੀ ਨੇ ਵੀ ਇਹ ਰਸਤਾ ਬੰਦ ਕਰਨ ਦਾ ਵਿਰੋਧ ਕੀਤਾ ਸੀ ਪਰ ਉਸ ਦੀ ਕਿਸੇ ਨਹੀਂ ਸੁਣੀ।