ਸੁੱਚਾ ਸਿੰਘ ਲੰਗਾਹ ਵਿਰੁਧ ਤੇਜ਼ ਹੋਏ ਹਮਲੇ

ਪੰਥਕ, ਪੰਥਕ/ਗੁਰਬਾਣੀ



ਕੋਟਕਪੂਰਾ, 1 ਅਕਤੂਬਰ (ਗੁਰਿੰਦਰ ਸਿੰਘ): ਇਸ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਅਸ਼ਲੀਲ ਵੀਡੀਉ ਨੇ ਕੌਮ ਦੀ ਬਦਨਾਮੀ ਦੁਨੀਆਂ ਦੇ ਕੋਨੇ-ਕੋਨੇ 'ਚ ਕਰਾ ਦਿਤੀ ਸੀ, ਭਾਵੇਂ ਉਸ ਸਮੇਂ ਇਸ ਨੂੰ ਸਿਆਸਤ ਤੋਂ ਪ੍ਰੇਰਤ ਮਾਮਲਾ ਦਰਸਾ ਕੇ ਦਬਾਅ ਦਿਤਾ ਗਿਆ ਪਰ ਹੁਣ ਅਕਾਲੀ ਦਲ ਬਾਦਲ ਦੇ ਕੈਬਨਿਟ ਮੰਤਰੀ ਰਹੇ ਤੇ ਲਗਾਤਾਰ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ, ਜ਼ਿਲ੍ਹਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਦਾਅਵੇਦਾਰ ਸੁੱਚਾ ਸਿੰਘ ਲੰਗਾਹ ਵਿਰੁਧ ਦਰਜ ਹੋਏ ਬਲਾਤਕਾਰ ਦੇ ਮਾਮਲੇ ਨੇ ਚਰਚਾ ਛੇੜ ਦਿਤੀ ਹੈ ਅਤੇ ਸਿਆਸੀ ਅਤੇ ਪੰਥਕ ਹਲਕਿਆਂ 'ਚ ਲੰਗਾਹ ਵਿਰੁਧ ਤਿੱਖੀ ਸੁਰ ਵਾਲੀ ਬਿਆਨਬਾਜ਼ੀ ਸੁਣਨ ਨੂੰ ਮਿਲ ਰਹੀ ਹੈ।

ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਸੁੱਚਾ ਲੰਗਾਹ ਉਪਰ ਲੱਗੇ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਸਰਪ੍ਰ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਅਸਤੀਫ਼ਾ ਮੰਗਿਆ ਹੈ। ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਹਲਕਾ ਰਾਮਪੁਰਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਦਾਅਵਾ ਕੀਤਾ ਕਿ ਸੁੱਚਾ ਸਿੰਘ ਲੰਗਾਹ ਦੇ ਮਾਮਲੇ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ ਘਟੀਆ ਕਿਰਦਾਰ ਵਾਲੇ ਲੋਕਾਂ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ 'ਚ ਅਹਿਮ ਅਹੁਦਿਆਂ 'ਤੇ ਬਿਠਾਇਆ ਹੋਇਆ ਹੈ।

ਦਰਜਨਾਂ ਇਨਕਲਾਬੀ ਪੁਸਤਕਾਂ ਦੇ ਰਚੇਤਾ ਪ੍ਰੋ. ਇੰਦਰ ਸਿੰਘ ਘੱਗਾ ਅਤੇ ਅੰਤਰਰਾਸ਼ਟਰੀ ਢਾਡੀ ਪ੍ਰਚਾਰਕ ਭਾਈ ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ ਬਾਦਲ ਪਰਵਾਰ ਨੇ ਭਾਵੇਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਭੋਗ ਪਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਲੰਗਾਹ ਦੇ ਮਾਮਲੇ 'ਚ ਤਖ਼ਤਾਂ ਦੇ ਜਥੇਦਾਰਾਂ ਦੀ ਹੈਰਾਨੀਜਨਕ ਚੁੱਪ ਵੀ ਕਈ ਪ੍ਰਸ਼ਨ ਪੈਦਾ ਕਰ ਰਹੀ ਹੈ ਕਿਉਂਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਆਯਾਸ਼, ਲੁਟੇਰੇ, ਬਲਾਤਕਾਰੀ ਅਤੇ ਭ੍ਰਿਸ਼ਟ ਦੁਸ਼ਮਣਾਂ ਦੀ ਜਮਾਤ ਬਣਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਧਾਰਮਕਤਾ ਦਾ ਮੁਖੌਟਾ ਪਾ ਕੇ ਨੀਚ, ਕਮੀਨੀ ਅਤੇ ਅਸਲੋਂ ਨੀਵੀਂ ਸੁੱਚਾ ਸਿੰਘ ਲੰਗਾਹ ਦੀ ਸ਼ਰਮਨਾਕ ਕਰਤੂਤ ਨੇ ਆਮ ਲੋਕਾਂ ਦਾ ਧਾਰਮਕ ਸੰਸਥਾਵਾਂ ਤੋਂ ਭਰੋਸਾ ਅਤੇ ਵਿਸ਼ਵਾਸ ਡੋਲਣ ਵਰਗੀ ਹਾਲਤ ਬਣਾ ਕੇ ਰੱਖ ਦਿਤੀ ਹੈ।