ਅੰਮ੍ਰਿਤਸਰ, 5 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸੰਨ 1984 'ਚ ਦਿੱਲੀ ਅੰਦਰ ਸਿੱਖ ਕਤਲੇਆਮ ਸਮੇਂ ਰਾਜੀਵ ਗਾਂਧੀ ਨਾਲ ਗੱਡੀ ਵਿਚ ਬੈਠ ਕੇ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਦੇ ਬਿਆਨ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਦੇ ਸਾਹਮਣੇ ਆਏ ਵੀਡੀਉ ਵਿਚ ਉਸ ਵਲੋਂ 100 ਸਿੱਖਾਂ ਨੂੰ ਕਤਲ ਕਰਵਾਉਣ ਦੇ ਇਕਬਾਲ ਦੇ ਆਧਾਰ 'ਤੇ ਉਸ ਨੂੰ ਤੁਰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਇਹ ਮੰਗ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹੁਣ ਜਦੋਂ ਟਾਈਟਲਰ ਨੇ ਖ਼ੁਦ ਇਹ ਕਬੂਲ ਕਰ ਲਿਆ ਹੈ ਕਿ ਉਸ ਨੇ 100 ਸਿੱਖਾਂ ਦਾ ਕਤਲ ਕਰਵਾਇਆ ਹੈ ਤਾਂ ਇਸ 'ਤੇ ਹੋਰ ਜਾਂਚ ਜਾਂ ਗਵਾਹਾਂ ਦੀ ਲੋੜ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਦੇਸ਼ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਉਸ ਦੇ ਬਿਆਨ ਦੇ ਆਧਾਰ 'ਤੇ ਸਿੱਖ ਕਤਲੇਆਮ ਦਾ ਦੋਸ਼ੀ ਮੰਨਦਿਆਂ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।
ਲੌਂਗੋਵਾਲ ਨੇ ਕਿਹਾ ਕਿ ਦੁਖਦ ਪਹਿਲੂ ਇਹ ਹੈ ਕਿ 34 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਅਤੇ ਕਤਲੇਆਮ ਪੀੜਤ ਨਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਕਾਂਗਰਸ ਜਮਾਤ ਨੇ ਸਿੱਖਾਂ ਦੇ ਕਤਲੇਆਮ ਕਰਨ ਵਾਲਿਆਂ ਦੀ ਹਮੇਸ਼ਾ ਪੁਸ਼ਤ ਪਨਾਹੀ ਕੀਤੀ ਹੈ। ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਐਚ.ਕੇ.ਐਲ. ਭਗਤ ਵਰਗੇ ਵਿਅਕਤੀਆਂ ਵਿਰੁਧ ਅੱਜ ਤੀਕ ਕੋਈ ਕਾਰਵਾਈ ਨਹੀਂ ਹੋਈ, ਸਗੋਂ ਸਿੱਖਾਂ ਨੂੰ ਚਿੜਾਉਣ ਲਈ ਇਨ੍ਹਾਂ ਲੋਕਾਂ ਨੂੰ ਉੱਚ ਅਹੁਦੇ ਦਿਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਟਾਈਟਲਰ ਸਾਹਮਣੇ ਆਈ ਵੀਡੀਉ ਰਾਹੀਂ ਨਿਆਂ ਪਾਲਿਕਾ ਨੂੰ ਵੀ ਵੰਗਾਰ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਹੁਣ ਤਾਂ ਕੋਈ ਗੱਲ ਲੁਕੀ-ਛਿਪੀ ਨਹੀਂ ਰਹਿ ਗਈ, ਝੂਠ ਤੋਂ ਪਰਦਾ ਉਠ ਗਿਆ ਹੈ ਤੇ ਸੱਚ ਸੱਭ ਦੇ ਸਾਹਮਣੇ ਆ ਗਿਆ ਹੈ। ਹੁਣ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕਰਨ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਮਾਨਦਰਾਨਾ ਪਹੁੰਚ ਅਪਨਾਉਣੀ ਚਾਹੀਦੀ ਹੈ, ਤਾਂ ਜੋ ਪੀੜਤਾਂ ਦੇ ਹਿਰਦੇ ਸ਼ਾਂਤ ਹੋ ਸਕਣ।