ਚੰਡੀਗੜ੍ਹ, 4 ਅਕਤੂਬਰ (ਨੀਲ ਭਲਿੰਦਰ ਸਿੰਘ) : ਚੰਡੀਗੜ੍ਹ ਸਥਿਤ ਮਾਡਲ ਜੇਲ ਬੁੜੈਲ ਅੰਦਰ ਬੰਦ ਜਗਤਾਰ ਸਿੰਘ ਤਾਰਾ ਵਿਰੁਧ ਵਿਸ਼ੇਸ਼ ਅਦਾਲਤ ਰਾਹੀਂ ਸੁਣੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਤਹਿਤ ਅੱਜ ਸੀਬੀਆਈ ਵਲੋਂ ਇਕ ਅਰਜ਼ੀ ਦਾਇਰ ਕੀਤੀ ਗਈ ਹੈ। ਸੀਬੀਆਈ ਦੇ ਵਕੀਲ ਐਸ ਕੇ ਸਕਸੈਨਾ ਨੇ ਇਹ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਤਾਰਾ ਦੇ ਬੁੜੈਲ ਜੇਲ 'ਚੋਂ ਫ਼ਰਾਰ ਹੋ ਜਾਣ ਮਗਰੋਂ ਜੋ ਗਵਾਹੀਆਂ ਅਤੇ ਸਬੂਤ ਅਦਾਲਤ 'ਚ ਪੇਸ਼ ਹੋਏ ਹਨ ਉਨ੍ਹਾਂ 'ਚੋਂ ਪੰਜ ਜਣਿਆਂ ਦੀ ਮੌਤ ਤਾਰਾ ਦੀ ਮੁੜ ਗ੍ਰਿਫ਼ਤਾਰੀ ਦੌਰਾਨ ਹੋ ਚੁਕੀ ਹੈ।
ਅਜਿਹੇ ਵਿਚ ਤਾਰਾ ਦੀ ਫ਼ਰਾਰੀ ਦੌਰਾਨ ਉਨ੍ਹਾਂ ਦੀਆਂ ਗਵਾਹੀਆਂ ਆਦਿ ਨੂੰ ਹੁਣ ਇਸ ਟਰਾਇਲ ਦੌਰਾਨ ਰਿਕਾਰਡ 'ਤੇ ਲਿਆ ਜਾਵੇ। ਦਸਿਆ ਗਿਆ ਹੈ ਕਿ ਬੁੜੈਲ ਜੇਲ 'ਚੋਂ ਫ਼ਰਾਰੀ ਮਗਰੋਂ 31 ਮਈ 2004 ਨੂੰ ਤਾਰਾ ਨੂੰ ਭਗੌੜਾ ਐਲਾਨ ਦਿਤਾ ਗਿਆ ਸੀ ਜਿਸ ਮਗਰੋਂ ਗਵਾਹੀਆਂ ਰੀਕਾਰਡ ਕਰਵਾਉਣ ਵਾਲਿਆਂ 'ਚ ਸ਼ਾਮਲ ਰਹੇ ਗਵਾਹ ਸੀਐਮ ਪਟੇਲ, ਇੰਸਪੈਕਟਰ ਵਿਜੇ ਕੁਮਾਰ, ਡਿਪਟੀ ਐਸਪੀ ਸੀਬੀਆਈ ਏਜੀਐਲ ਕੌਲ, ਡਿਪਟੀ ਐਸਪੀ ਸੀਬੀਆਈ ਆਰਐਸ ਧਨਖੜ ਅਤੇ ਡਿਪਟੀ ਐਸਪੀ ਐਸ.ਐਨ. ਸਕਸੈਨਾ ਦੀ ਮੌਤ ਹੋ ਚੁਕੀ ਹੈ ਜਿਸ ਕਰ ਕੇ ਇਨ੍ਹਾਂ ਦੀ ਤਾਜ਼ਾ ਗਵਾਹੀਆਂ ਨਹੀਂ ਹੋ ਸਕਦੀਆਂ। ਮੰਗ ਕੀਤੀ ਗਈ ਹੈ ਕਿ ਨਿਆਇਕ ਰਿਕਾਰਡ 'ਚ ਮੌਜੂਦ ਇਨ੍ਹਾਂ ਦੀਆਂ ਪਿਛਲੀਆਂ ਗਵਾਹੀਆਂ ਤਾਰਾ ਨੂੰ ਵੀ ਇਨ੍ਹਾਂ ਦੀ ਇਕ ਨਕਲ ਪੁਜਦੀ ਕਰਦੇ ਹੋਏ ਰਿਕਾਰਡ 'ਚ ਲੈ ਲਈਆਂ ਜਾਣ। ਵਿਸ਼ੇਸ਼ ਜੱਜ ਜੇ.ਐਸ. ਸਿੱਧੂ ਨੇ ਇਹ ਕੇਸ ਹੁਣ ਆਉਂਦੀ 23 ਅਕਤੂਬਰ ਉਤੇ ਪਾ ਦਿਤਾ ਹੈ।