ਟਰੂਡੋ ਦਾ ਭਾਰਤ 'ਚ ਹੋਇਆ ਵਿਤਕਰੇ ਭਰਿਆ ਸਨਮਾਨ : ਹਿੰਮਤ ਸਿੰਘ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 21 ਫ਼ਰਵਰੀ (ਗੁਰਿੰਦਰ ਸਿੰਘ): ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੀ ਕੇਂਦਰ ਸਰਕਾਰ ਵਲੋਂ ਵਿਤਕਰਾ ਕਰਨਾ ਸਪੱਸ਼ਟ ਕਰ ਗਿਆ ਹੈ ਕਿ ਭਾਰਤ ਦੀ ਭਾਜਪਾ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਨਾਲ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਹਮਦਰਦੀ ਰੱਖੇ ਕਿਉਂਕਿ ਭਾਰਤੀ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਤਕ ਕੀਤੀ ਪਰ ਅਜੇ ਤਕ ਉਸ ਦਾ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਵਿਦੇਸ਼ਾਂ ਵਿਚ ਸਿੱਖਾਂ ਦੇ ਵਧੇ ਪ੍ਰਭਾਵ ਦੇ ਨਤੀਜੇ ਕਰ ਕੇ ਹੀ ਭਾਰਤੀ ਸਰਕਾਰ ਵਲੋਂ ਜਸਟਿਨ ਟਰੂਡੋ ਨਾਲ ਮਾੜਾ ਰਵਈਆ ਕੀਤਾ ਹੈ। ਕਮੇਟੀ ਦੇ ਕਨਵੀਨਰ ਹਿੰਮਤ ਸਿੰਘ ਸਮੇਤ ਉਸ ਦੇ ਸਾਥੀਆਂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਸਪੋਕਸਮੈਨ ਨੂੰ ਭੇਜੇ ਪ੍ਰੈੱਸ ਬਿਆਨ 'ਚ ਕਿਹਾ ਕਿ ਕੈਨੇਡਾ ਆਦਿ ਮੁਲਕਾਂ 'ਚ ਸਿੱਖਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ ਜਿਸ ਕਰ ਕੇ ਕੈਨੇਡਾ ਵਿਚ 

ਭਾਰਤ ਤੋਂ ਕਿਤੇ ਵੱਧ ਸਿੱਖਾਂ ਦੇ ਐਮਪੀਜ਼ ਤੇ ਮੰਤਰੀ ਹਨ, ਇਥੋਂ ਦੇ ਪ੍ਰਧਾਨ ਮੰਤਰੀ ਹਮੇਸ਼ਾ ਸਿੱਖਾਂ ਨਾਲ ਖ਼ਾਸ ਕਰ ਕੇ ਪੰਜਾਬੀਆਂ ਨਾਲ ਮੋਹ ਦਾ ਰਿਸ਼ਤਾ ਰਖਦੇ ਹਨ ਪਰ ਇਹ ਕਦੇ ਵੀ ਭਾਰਤੀ ਸਰਕਾਰਾਂ ਨੂੰ ਗਵਾਰਾ ਨਹੀਂ ਹੋਇਆ।  ਭਾਰਤੀ ਸੰਵਿਧਾਨ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਖ਼ਾਲਿਸਤਾਨ ਦੀ ਵਰਤੋਂ ਕਰਨੀ ਗ਼ੈਰ ਕਾਨੂੰਨੀ ਹੈ ਪਰ ਇਥੇ ਜੇ ਕੋਈ ਖ਼ਾਲਿਸਤਾਨ ਦੀ ਵਰਤੋਂ ਕਰ ਕੇ ਨਾਹਰਾ ਲਾਉਂਦਾ ਹੈ ਤਾਂ ਉਸ ਨੂੰ ਅਤਿਵਾਦੀ ਕਹਿ ਕੇ ਜੇਲਾਂ ਵਿਚ ਡਕਿਆ ਜਾਂਦਾ ਹੈ ਜਦਕਿ ਕੈਨੇਡਾ ਵਰਗੇ ਮੁਲਕ ਵਿਚ ਬੋਲਣ ਦੀ ਆਜ਼ਾਦੀ ਹੈ।  ਉਨ੍ਹਾਂ ਕਿਹਾ ਕਿ ਜੋ ਭਾਰਤੀ ਸੱਤਾਧਾਰੀ ਲੋਕ ਵਿਦੇਸ਼ੀ ਸੱਤਾਧਾਰੀ ਲੋਕਾਂ ਦਾ ਸਨਮਾਨ ਨਹੀਂ ਕਰਨਗੇ, ਉਨ੍ਹਾਂ ਭਾਰਤੀ ਸੱਤਾਧਾਰੀਆਂ ਦਾ ਵਿਦੇਸ਼ਾਂ ਦੀ ਧਰਤੀ 'ਤੇ ਵੀ ਸਨਮਾਨ ਨਹੀਂ ਹੋਣ ਦਿਤਾ ਜਾਵੇਗਾ, ਸਗੋਂ ਵਿਦੇਸ਼ਾਂ ਵਿਚ ਆਉਣ 'ਤੇ ਉਨ੍ਹਾਂ ਨੂੰ ਕਿਸੇ ਵੀ ਸਟੇਜ 'ਤੇ ਬੋਲਣ ਤੋਂ ਵਾਂਝਾ ਕਰ ਕੇ ਸਬਕ ਸਿਖਾਇਆ ਜਾਵੇਗਾ।